ਡੇਰਾਬੱਸੀ ’ਚ ਨੌਜਵਾਨ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਮਾਸਟਰ ਮਾਈਂਡ ਕਾਬੂ

12/16/2023 6:51:23 PM

ਮੋਹਾਲੀ (ਸੰਦੀਪ) : ਡੇਰਾਬੱਸੀ ਨਿਵਾਸੀ ਸਾਹਿਲ ’ਤੇ ਘਰ ਨੇੜੇ ਹੀ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਦੇ ਮਾਮਲੇ ’ਚ ਕ੍ਰਾਈਮ ਬ੍ਰਾਂਚ ਨੇ ਮਾਸਟਰਮਾਈਂਡ ਡੇਰਾਬੱਸੀ ਨਿਵਾਸੀ ਹਰਿੰਦਰ ਸਿੰਘ ਅਤੇ ਦੋ ਸਾਥੀਆਂ ਰਾਜਵਿੰਦਰ ਸਿੰਘ ਅਤੇ ਜਗਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਹੋਰਨਾਂ ਸਾਥੀਆਂ ਦੀ ਭਾਲ ਕਰ ਰਹੀ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੀਆਂ 2 ਪਿਸਤੌਲਾਂ ਅਤੇ 5 ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਐੱਸ. ਐੱਸ. ਪੀ. ਡਾ. ਸੰਦੀਪ ਕੁਮਾਰ ਗਰਗ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੀ ਕੀਤੀ। ਉਨ੍ਹਾਂ ਦੇ ਨਾਲ ਕ੍ਰਾਈਮ ਬ੍ਰਾਂਚ ਦੇ ਡੀ. ਐੱਸ. ਪੀ. ਗੁਰਸ਼ੇਰ ਸਿੰਘ ਸੰਧੂ ਅਤੇ ਇੰਸਪੈਕਟਰ ਇੰਚਾਰਜ ਸ਼ਿਵ ਕੁਮਾਰ ਹਾਜ਼ਰ ਸਨ। ਐੱਸ. ਐੱਸ. ਪੀ. ਨੇ ਦੱਸਿਆ ਕਿ 6 ਦਸੰਬਰ ਨੂੰ ਡੇਰਾਬੱਸੀ ਵਾਸੀ ਸਾਹਿਲ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ। ਇਸ ਘਟਨਾ ’ਚ ਉਹ ਵਾਲ-ਵਾਲ ਬਚ ਗਿਆ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਡੇਰਾਬੱਸੀ ਵਿਚ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਸਮੇਤ ਹੋਰ ਅਪਰਾਧਿਕ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਸੀ। ਜਾਂਚ ’ਚ ਸਾਹਮਣੇ ਆਇਆ ਕਿ ਸਾਹਿਲ ਨੂੰ ਪ੍ਰਭਾਵਿਤ ਕਰਨ ਦੀ ਨੀਅਤ ਨਾਲ ਵਿਦੇਸ਼ ਵਿਚ ਬੈਠੇ ਲਾਲਾ ਬੈਨੀਪਾਲ ਦੇ ਇਸ਼ਾਰੇ ’ਤੇ ਉਸ ਦੇ ਭਰਾ ਅਤੇ ਮਾਸਟਰ ਮਾਈਂਡ ਹਰਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ : ਟੈਕਸ ਚੋਰਾਂ ’ਤੇ ਮੋਬਾਇਲ ਵਿੰਗ ਦਾ ਛਾਪਾ, ਟੈਕਸ ਮਾਫੀਆ ਨੇ ਬਦਲੇ ਰਸਤੇ

ਮੁਲਜ਼ਮ ਦੀ ਭਾਲ ’ਚ ਛਾਪੇਮਾਰੀ
ਐੱਸ. ਐੱਸ. ਪੀ. ਨੇ ਦੱਸਿਆ ਕਿ ਡੇਰਾਬੱਸੀ ਵਿਚ ਦੋ ਗਰੁੱਪ ਸਰਗਰਮ ਹਨ, ਜਿਨ੍ਹਾਂ ਵਿਚੋਂ ਸਾਹਿਲ ਇਕ ਗਰੁੱਪ ਨਾਲ ਸਬੰਧ ਰੱਖਦਾ ਹੈ। ਜਦੋਂਕਿ ਦੂਜੇ ਗਿਰੋਹ ਨੇ ਸਾਹਿਲ ਨੂੰ ਪ੍ਰਭਾਵਿਤ ਕਰਨ ਅਤੇ ਡਰਾਉਣ-ਧਮਕਾਉਣ ਦੀ ਨੀਅਤ ਨਾਲ ਗੋਲੀ ਚਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਵਲੋਂ ਫਰਾਰ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਅਕਾਲੀ ਨੇਤਾ ਭਾਜਪਾ ਦੀ ਛਤਰੀ ’ਤੇ ਮੰਡਰਾਉਣ ਲੱਗੇ!, ਛੇਤੀ ਸ਼ਾਮਲ ਹੋਣ ਦੀਆਂ ਕਨਸੋਆਂ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Anuradha

This news is Content Editor Anuradha