ਸੁਨਾਮ ਦੀ ਧਰਤੀ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਉਮੜਿਆ ਨੌਜਵਾਨਾਂ ਦਾ ਜਨ ਸੈਲਾਬ, ਕੀਤੇ ਇਹ ਐਲਾਨ

03/22/2021 5:03:04 PM

ਸੁਨਾਮ/ ਸੰਗਰੂਰ - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਅੱਜ ਸ਼ਹੀਦ ਊਧਮ ਦੀ ਜਨਮ ਭੂਮੀ ਸੁਨਾਮ ਵਿਖੇ 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ  ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਹਜ਼ਾਰਾਂ ਕੁੜੀਆਂ ਸਮੇਤ ਨੌਜਵਾਨਾਂ ਦੇ ਆਏ ਜਨ ਸੈਲਾਬ ਵੱਲੋਂ ਖੇਤੀ ਕਾਨੂੰਨਾਂ ਤੇ ਸਾਮਰਾਜੀ ਹੱਲੇ ਖ਼ਿਲਾਫ ਮੂਹਰਲੀਆ ਕਤਾਰਾਂ 'ਚ ਹੋ ਕੇ ਜੂਝਣ ਦਾ ਐਲਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਮੂਹ ਨੌਜਵਾਨਾਂ ਵੱਲੋਂ ਖੜ੍ਹੇ ਹੋ ਕੇ ਸ਼ਹੀਦਾਂ ਦੇ ਸਨਮੁੱਖ ਹੁੰਦਿਆਂ ਸਮੂਹਿਕ ਰੂਪ 'ਚ ਪੜੇ ਗਏ ਅਹਿਦਨਾਮੇ ਦੇ ਨਾਲ ਕੀਤੀ ਗਈ। ਨੌਜਵਾਨ ਆਗੂ ਗੁਰਪ੍ਰੀਤ ਕੌਰ ਬਰਾਸ ਵੱਲੋ ਸਟੇਜ ਤੋਂ ਪੜੇ ਗਏ ਇਸ ਅਹਿਦਨਾਮੇ ਨਾਲ ਆਪਣੀ ਅਵਾਜ਼ ਮਿਲਾਉਂਦਿਆਂ  ਸਮੂਹ ਨੌਜਵਾਨਾਂ ਨੇ ਇੱਕ ਅਵਾਜ਼ 'ਚ ਕਿਹਾ ਕਿ ,"ਅਸੀਂ ਐਲਾਨ ਕਰਦੇ ਹਾਂ ਕਿ ਨੌਜਵਾਨਾਂ ਦੇ ਬਸੰਤੀ ਕਾਫਲੇ ਸਾਮਰਾਜੀ ਕਾਰਪੋਰੇਟਸ਼ਾਹੀ ਅਤੇ ਇਸਦੇ ਜੋਟੀਦਾਰਾਂ ਦੇ ਹੱਲੇ ਖ਼ਿਲਾਫ ਆਪਣੇ ਕਿਸਾਨਾਂ ਅਤੇ ਲੋਕਾਂ ਦੇ ਹੱਕੀ ਸੰਘਰਸ਼ ਦੀਆਂ ਕਤਾਰਾਂ 'ਚ ਤਨਦੇਹੀ ਨਾਲ ਡਟੇ ਰਹਾਂਗੇ। ਆਪਣੇ ਸ਼ਹੀਦਾਂ ਦੀਆਂ ਸਾਮਰਾਜਵਾਦ ਅਤੇ ਫਿਰਕਾਪ੍ਰਸਤੀ ਵਿਰੋਧੀ ਰਵਾਇਤਾਂ ਨੂੰ ਬੁਲੰਦ ਰੱਖਾਂਗੇ ਅਤੇ ਸ਼ਹੀਦਾਂ ਤੋਂ ਪ੍ਰੇਰਨਾ ਲੈਕੇ ਹਰ ਭਟਕਣ ਖ਼ਿਲਾਫ ਕੰਧ ਬਣਕੇ ਖੜਾਂਗੇ।"

ਇਸ ਮੌਕੇ ਨੌਜੁਆਨ ਕਿਸਾਨ ਆਗੂ  ਜਗਤਾਰ ਸਿੰਘ ਕਾਲਾਝਾੜ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਦੇਸ਼ ਨੂੰ ਸਾਮਰਾਜੀ ਗ਼ੁਲਾਮੀ ਤੋਂ ਮੁਕਤ ਕਰਾਉਣ ਲਈ ਜਾਨਾਂ ਕੁਰਬਾਨ ਵਾਲੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਸ਼ਹਾਦਤਾਂ,ਰਾਹ ਤੇ ਪ੍ਰੋਗਰਾਮ ਅੱਜ ਵੀ ਲੁੱਟ ਜ਼ਬਰ ਤੋਂ ਮੁਕਤੀ ਲਈ ਜੂਝਦੇ ਲੋਕਾਂ ਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹਨ। ਉਹਨਾਂ ਆਖਿਆ ਕਿ ਸੰਨ ਸੰਤਾਲੀ 'ਚ ਹੋਈ ਸਤਾ ਬਦਲੀ ਦੇ 74 ਵਰਿਆਂ ਬਾਅਦ ਵੀ ਦੇਸ਼ ਦੇ ਲੋਕ ਸਾਮਰਾਜੀ ਤਾਕਤਾਂ ਅਤੇ ਉਨ੍ਹਾਂ ਦੇ ਸਥਾਨਕ ਜੋਟੀਦਾਰਾਂ ਜਗੀਰਦਾਰਾਂ ਤੇ ਸਰਮਾਏਦਾਰਾਂ ਦੀ ਅੰਨ੍ਹੀ ਲੁੱਟ ਦਾ ਸੰਤਾਪ ਹੰਢਾ ਰਹੇ ਹਨ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵਲੋਂ  ਖੇਤੀ ਕਾਨੂੰਨ ਲਿਆਂਦੇ ਗਏ ਹਨ ਜ਼ੋ ਪਹਿਲਾਂ ਹੀ ਬੇਰੁਜ਼ਗਾਰੀ ਤੇ ਬੇਵੁੱਕਤੀ ਦਾ ਸੰਤਾਪ ਹੰਢਾਉਂਦੇ ਨੌਜਵਾਨਾਂ ਨੂੰ ਹੋਰ ਵੀ ਗੰਭੀਰ ਸੰਕਟ ਮੂੰਹ ਧੱਕਣ,ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਅਤੇ ਕਰਜ਼ੇ ਤੇ ਖੁਦਕੁਸ਼ੀਆਂ ਵਰਗੀਆਂ ਸਮੱਸਿਆਵਾਂ ਨੂੰ ਹੋਰ ਡੂੰਘਾ ਕਰਨਗੇ। ਉਹਨਾਂ ਆਖਿਆ ਕਿ ਪੰਜਾਬ ਦਾ ਨੌਜਵਾਨ ਇਹਨਾਂ ਕਾਨੂੰਨਾਂ ਰਾਹੀਂ ਬੋਲੇ ਸਾਮਰਾਜੀ ਹੱਲੇ ਨੂੰ ਸਮਝਕੇ  ਇਸਦਾ ਟਾਕਰਾ ਕਰਨ ਲਈ ਸੰਘਰਸ਼ ਦੀਆਂ ਅਗਲੀਆਂ ਕਤਾਰਾਂ 'ਚ ਹੋਕੇ ਜੂਝ ਰਿਹਾ ਹੈ। ਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਤੋਂ ਸ਼ੁਰੂ ਹੋਕੇ ਦੇਸ਼ ਵਿਦੇਸ਼ ਦੇ ਲੋਕਾਂ ਦੀ ਵਿਆਪਕ ਹਮਾਇਤ ਸਦਕਾ ਦਿਨੋਂ ਦਿਨ ਵਧ ਰਹੇ ਕਿਸਾਨ ਸੰਘਰਸ਼ ਨੂੰ ਮੋਦੀ ਸਰਕਾਰ ਵਲੋਂ ਬਲ ਤੇ ਛਲ ਦੀ ਨੀਤੀ 'ਤੇ ਚੱਲਦਿਆਂ 26 ਜਨਵਰੀ ਨੂੰ ਫ਼ਿਰਕੂ ਅਨਸਰਾਂ ਨਾਲ ਤਾਲਮੇਲ ਕਰਦਿਆਂ ਕਿਸਾਨ ਘੋਲ ਨੂੰ ਲੀਹੋਂ ਲਾਹੁਣ ਦੇ ਖੋਟੇ ਮਨਸੂਬਿਆਂ ਨੂੰ ਨੌਜਵਾਨਾਂ ਤੇ ਕਿਸਾਨਾਂ ਮਜ਼ਦੂਰਾਂ ਨੇ ਇੱਕ ਵਾਰ ਮਾਤ ਦਿੱਤੀ ਹੈ।

ਖੇਤ ਮਜ਼ਦੂਰ ਨੌਜਵਾਨ ਆਗੂ ਕਾਲਾ ਸਿੰਘ ਖੂਨਣ ਖੁਰਦ ਨੇ ਆਖਿਆ ਕਿ ਖੇਤੀ ਕਾਨੂੰਨਾਂ ਦਾ ਹੱਲਾ ਦੇਸ਼ ਦੀ ਖੁਰਾਕ ਪ੍ਰਨਾਲੀ ਉਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕੰਪਨੀਆਂ ਦੇ ਮਕੁੰਮਲ ਗ਼ਲਬੇ ਰਾਹੀਂ ਪਹਿਲਾਂ ਹੀ ਖ਼ੁਰਾਕ ਦੀ ਭਾਰੀ ਤੋਟ ਹੰਢਾਉਂਦੇ ਖੇਤ ਮਜ਼ਦੂਰਾਂ, ਸ਼ਹਿਰੀ ਗਰੀਬਾਂ ਅਤੇ ਹੋਰਨਾਂ ਖਪਤਕਾਰਾਂ ਨੂੰ ਭੁੱਖਮਰੀ ਦੇ ਜੁਬਾੜਿਆ 'ਚ ਧੱਕਣ ਦਾ ਜ਼ਰੀਆ ਬਣੇਗਾ। ਉਹਨਾਂ ਆਖਿਆ ਕਿ ਇਹ ਹਮਲਾ ਉਹਨਾਂ ਪੰਚਾਇਤੀ ਸਾਮਲਾਟ ਤੇ ਸਰਕਾਰੀ ਜ਼ਮੀਨਾਂ ਨੂੰ ਸਭ ਤੋਂ ਪਹਿਲਾਂ ਕਾਰਪੋਰੇਟਰਾਂ ਦੇ ਹਵਾਲੇ ਕਰੇਗਾ ਜਿਹਨਾਂ ਦੇ ਉੱਤੇ ਖੇਤ ਮਜ਼ਦੂਰ/ਦਲਿਤ ਵਰਗ ਦਾ ਕਾਨੂੰਨੀ ਅਧਿਕਾਰ ਹੈ। ਉਹਨਾਂ ਆਖਿਆ ਕਿ  ਮੋਦੀ ਸਰਕਾਰ ਵਲੋਂ ਬੋਲੇ ਇਸ ਹੱਲੇ ਦੇ ਟਾਕਰੇ ਲਈ ਸ਼ਹੀਦਾਂ ਦੀ ਵਿਰਾਸਤ 'ਤੇ ਪਹਿਰਾ ਦਿੰਦੇ ਹੋਏ ਜਾਤਪਾਤੀ, ਧਾਰਮਿਕ ਤੇ ਫਿਰਕੂ ਵੰਡੀਆਂ ਤੋਂ ਉੱਪਰ ਉੱਠ ਕੇ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਦੀ ਜੋਟੀ ਨੂੰ ਵਿਸ਼ਾਲ ਤੇ ਮਜ਼ਬੂਤ ਕਰਨਾ ਅਣਸਰਦੀ ਲੋੜ ਹੈ। 

ਨੌਜਵਾਨ ਕਿਸਾਨ ਆਗੂ ਅਜੇ ਪਾਲ ਘੁੱਦਾ ਤੇ ਸੁਖਜੀਤ ਸਿੰਘ ਕੋਠਾਗੁਰੂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 27 ਮਾਰਚ ਤੋਂ 31 ਮਾਰਚ ਤੱਕ ਅੰਡਾਨੀ ਦੀ  ਕਿਲਾ ਰਾਏਪੁਰ ਵਿਖੇ ਖੁਸ਼ਕ ਬੰਦਰਗਾਹ ਦੇ ਮੁਕੰਮਲ ਘਿਰਾਓ ਦਾ ਐਲਾਨ ਕੀਤਾ ਗਿਆ। ਉਹਨਾਂ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਲੀ ਦੇ ਟਿਕਰੀ ਬਾਰਡਰ 'ਤੇ 23 ਮਾਰਚ ਨੂੰ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਗਮ 'ਚ ਪਹੁੰਚਣ ਲਈ  22 ਮਾਰਚ ਨੂੰ ਨੌਜਵਾਨਾਂ ਦੇ ਵਿਸ਼ਾਲ ਕਾਫਲੇ ਖਨੌਰੀ ਬਾਰਡਰ ਤੇ ਹੋਰਨਾਂ ਖੇਤਰਾਂ ਤੋਂ  ਦਿੱਲੀ ਵੱਲ ਕੂਚ ਕਰਨਗੇ। ਉਹਨਾਂ ਆਖਿਆ ਕਿ 23 ਮਾਰਚ ਨੂੰ ਹੀ ਪਿੰਡ- ਪਿੰਡ ਨੌਜਵਾਨ ਕੁੜੀਆਂ ਦੀ ਅਗਵਾਈ ਹੇਠ ਸ਼ਰਧਾਂਜਲੀ ਸਮਾਗਮ ਕਰਕੇ ਔਰਤ ਸ਼ਕਤੀ ਦਾ ਮੁਜਾਹਰਾ ਕੀਤਾ ਜਾਵੇਗਾ ਅਤੇ ਇਸੇ ਦਿਨ ਪੱਕੇ ਮੋਰਚਿਆਂ 'ਤੇ ਵੀ ਕਿਸਾਨਾਂ ਮਜ਼ਦੂਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ । ਉਹਨਾਂ 26 ਮਾਰਚ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ 24 ਤੇ 25 ਮਾਰਚ ਨੂੰ ਸ਼ਹਿਰਾਂ ਤੇ ਕਸਬਿਆਂ 'ਚ ਝੰਡਾ ਮਾਰਚ ਕਰਨ ਦਾ ਐਲਾਨ ਵੀ ਕੀਤਾ। ,ਭਾਰਤੀ ਜਥੇਬੰਦੀ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਤੇ ਪੀ ਐਸ਼ ਯੂ ਸ਼ਹੀਦ ਰੰਧਾਵਾ ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ  ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਜਿਹੜੀਆਂ ਸਾਮਰਾਜੀ ਨੀਤੀਆਂ ਤਹਿਤ ਖੇਤੀ ਖੇਤਰ ਤੇ ਹੱਲਾ ਬੋਲਿਆ ਗਿਆ ਹੈ ,ਉਹਨਾਂ ਨੀਤੀਆਂ ਤਹਿਤ ਹੀ ਸਿੱਖਿਆ , ਸਿਹਤ ਅਤੇ ਬਿਜਲੀ ਪਾਣੀ ਸਮੇਤ ਸਾਰੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨਕਰਨ ਲਈ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ।

ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਅੱਜ ਦੀ ਕਾਨਫਰੰਸ 'ਚ ਨੌਜਵਾਨਾਂ ਦੀ ਵਿਸ਼ਾਲ ਸ਼ਮੂਲੀਅਤ 'ਤੇ ਤਸੱਲੀ ਜ਼ਾਹਰ ਕਰਦਿਆਂ ਆਖਿਆ ਕਿ  ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਆਗੂਆਂ ਤੇ ਨੌਜਵਾਨਾਂ ਦਰਮਿਆਨ ਕੋਈ ਵਿਰੋਧ ਨਹੀ ਸਗੋਂ ਨੌਜਵਾਨ ਇਸ ਸੰਘਰਸ਼ ਦੀ ਅਹਿਮ ਟੁਕੜੀ ਹਨ। ਉਹਨਾਂ ਆਖਿਆ ਕਿ ਕੁਝ ਤਾਕਤਾਂ ਵੱਲੋਂ ਆਪਣੇ ਸੌੜੇ ਤੇ ਫਿਰਕੂ ਮਨਸੂਬਿਆਂ ਤਹਿਤ ਕਿਸਾਨ ਸੰਘਰਸ਼ ਦੇ ਉੱਤੇ ਇੱਕ ਧਰਮ ਦੀ ਚੇਪੀ ਚਿਪਕਾਉਣ ਦੇ ਮੰਤਵਾ ਤਹਿਤ ਅਜਿਹਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਅੱਜ ਦੀ ਵਿਸ਼ਾਲ ਨੌਜਵਾਨ ਕਾਨਫਰੰਸ ਨੇ ਅਜਿਹੇ ਝੂਠੇ ਤੇ ਗੁੰਮਰਾਹਕੁੰਨ ਪ੍ਰਚਾਰ ਦਾ ਅਮਲੀ ਤੌਰ ਤੇ ਜਵਾਬ ਦੇ ਦਿੱਤਾ ਹੈ।ਔਰਤ ਵਿੰਗ ਦੀ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ  ਹਰ ਕਿਸਮ ਦੇ ਲੁੱਟ ਜ਼ਬਰ ਤੇ ਵਿਤਕਰਿਆ ਤੋਂ ਮੁਕਤ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ। ਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਔਰਤਾਂ ਨੇ ਮਰਦਾਂ ਦੇ ਬਰਾਬਰ ਮੋਢਾ ਜੋੜ ਕੇ ਮੌਜੂਦਾ ਸੰਘਰਸ਼ ਨੂੰ ਤਕੜਾਈ ਦਿੱਤੀ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਔਰਤਾਂ ਕਿਸੇ ਤਰ੍ਹਾਂ ਵੀ ਘੱਟ ਨਹੀਂ।

Harinder Kaur

This news is Content Editor Harinder Kaur