ਨਕਾਬਪੋਸ਼ ਲੁਟੇਰਿਆਂ ਨੇ ਦੁਕਾਨਦਾਰ ਨੂੰ ਜ਼ਖਮੀ ਕਰ ਕੇ ਦਿੱਤਾ ਲੁੱਟ ਨੂੰ ਅੰਜਾਮ

07/22/2019 2:51:02 AM

ਕੋਟਕਪੂਰਾ, (ਨਰਿੰਦਰ)- ਸ਼ਹਿਰ ਫਰੀਦਕੋਟ ਰੋਡ ’ਤੇ ਸਥਿਤ ਟੀਟੂ ਕਰੀਏਸ਼ਨ ਦੁਕਾਨ ਦੇ ਮਾਲਕ ਵਿਜੇ ਕੁਮਾਰ ਟੀਟੂ ਦੇ ਬੇਟੇ ਰੋਹਿਤ ਛਾਬਡ਼ਾ ’ਤੇ ਲੁਟੇਰਿਆਂ ਨੇ ਦਿਨ-ਦਿਹਾਡ਼ੇ ਕਾਤਲਾਨਾ ਹਮਲਾ ਕਰਦਿਆਂ ਉਸ ਦੇ ਗਲ ’ਚ ਪਾਈ ਸੋਨੇ ਦੀ ਚੇਨੀ ਅਤੇ ਜੇਬ ’ਚੋਂ 20 ਹਜ਼ਾਰ ਰੁਪਏ ਦੇ ਕਰੀਬ ਨਕਦੀ ਕੱਢਦਿਆਂ ਉਸ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਰੋਹਿਤ ਛਾਬਡ਼ਾ ਦੇ ਦੋਸਤਾਂ ਆਨੰਤਦੀਪ ਸਿੰਘ ਰੋਮਾ ਬਰਾਡ਼ ਤੇ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਉਸ ਨੂੰ ਤੁਰੰਤ ਕੋਟਕਪੂਰਾ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਖਤਰੇ ਤੋਂ ਬਾਹਰ ਦੱਸਿਆ।

ਜਾਣਕਾਰੀ ਅਨੁਸਾਰ ਰੋਹਿਤ ਛਾਬਡ਼ਾ ਉਰਫ ਟੋਨੀ ਸ਼ਾਮ ਕਰੀਬ 2:45 ਵਜੇ ਆਪਣੇ ਸਕੂਟਰ ’ਤੇ ਦੁਕਾਨ ਤੋਂ ਘਰ ਵੱਲ ਜਾ ਰਿਹਾ ਸੀ ਤੇ ਦੁਕਾਨ ਤੋਂ ਥੋਡ਼੍ਹੀ ਦੂਰੀ ’ਤੇ ਚਿੱਟੇ ਰੰਗ ਦੀ ਸਵਿਫਟ ਕਾਰ ’ਚੋਂ ਨਿਕਲੇ 3 ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ ਪਰ ਇਸ ਤੋਂ ਪਹਿਲਾਂ ਲੁਟੇਰੇੇ ਟੋਨੀ ਦੇ ਗਲ ’ਚ ਪਾਈ ਕਰੀਬ 4 ਤੋਲਿਆਂ ਦੀ ਸੋਨੇ ਦੀ ਚੇਨੀ ਅਤੇ ਜੇਬ ’ਚੋਂ ਅੰਦਾਜ਼ਨ 20 ਹਜ਼ਾਰ ਤੋਂ ਜ਼ਿਆਦਾ ਦੀ ਨਕਦੀ ਕੱਢ ਕੇ ਫਰਾਰ ਹੋ ਗਏ। ਮੌਕੇ ’ਤੇ ਪੁੱਜੇ ਥਾਣਾ ਮੁਖੀ ਜਤਿੰਦਰ ਸਿੰਘ ਨੂੰ ਦਿੱਤੇ ਬਿਆਨਾਂ ’ਚ ਟੋਨੀ ਛਾਬਡ਼ਾ ਨੇ ਦੱਸਿਆ ਕਿ ਸਵਿਫਟ ਕਾਰ ਦੇ ਅੱਗੇ ਅਤੇ ਪਿੱਛੇ ਵਾਲੀਆਂ ਨੰਬਰ ਪਲੇਟਾਂ ਨਹੀਂ ਲੱਗੀਆਂ ਹੋਈਆਂ ਸਨ ਅਤੇ ਉਕਤ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਸ਼ਹਿਰ ਵੱਲ ਫਰਾਰ ਹੋ ਗਏ। ਟੋਨੀ ਛਾਬਡ਼ਾ ਉੱਪਰ ਹੋਏ ਹਮਲੇ ਦਾ ਪਤਾ ਲੱਗਣ ’ਤੇ ਸੰਦੀਪ ਸਿੰਘ ਸੰਨੀ ਬਰਾਡ਼ ਓ. ਐੱਸ. ਪੀ. ਮੁਖ ਮੰਤਰੀ ਪੰਜਾਬ ਤੁਰੰਤ ਹਸਪਤਾਲ ਪੁੱਜ ਕੇ ਡਾ. ਕੁਲਦੀਪ ਧੀਰ ਐੱਸ. ਐੱਮ. ਓ. ਅਤੇ ਐੱਸ. ਐੱਚ. ਓ. ਥਾਣਾ ਸਿਟੀ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸੰਨੀ ਬਰਾਡ਼ ਨੇ ਕਿਹਾ ਕਿ ਗੁੰਡਾਗਰਦੀ ਕਿਸੇ ਵੀ ਕੀਮਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਐੱਸ. ਐੱਚ. ਓ. ਥਾਣਾ ਸਿਟੀ ਕੋਟਕਪੂਰਾ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


Bharat Thapa

Content Editor

Related News