2 ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵਲੋਂ ਜਾਨੋ ਮਾਰਨ ਦੀ ਨੀਯਤ ਨਾਲ ਨੌਜਵਾਨ ’ਤੇ ਚਲਾਈਆਂ ਗੋਲੀਆਂ

01/30/2021 12:18:04 PM

ਜਲਾਲਾਬਾਦ (ਨਿਖੰਜ,ਜਤਿੰਦਰ): ਬੀਤੀ 28 ਜਨਵਰੀ ਦੀ ਦੇਰ ਰਾਤ ਨੂੰ ਸਾਢੇ 8 ਵਜੇ ਦੇ ਕਰੀਬ 2 ਅਣਪਛਾਤੇ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਵਲੋਂ ਫ਼ਾਜ਼ਿਲਕਾ ਫਿਰੋਜ਼ਪੁਰ ਰੋਡ ’ਤੇ ਸਥਿਤ ਬੱਘੇ ਕੇ ਮੋੜ ਵਿਖੇ ਘਰ ਦੇ ਬਾਹਰ ਖੜ੍ਹੇ ਨੌਜਵਾਨ ’ਤੇ ਜਾਨੋ ਮਾਰਨ ਦੀ ਨੀਯਤ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਜ਼ਖ਼ਮੀ ਹਾਲਤ ’ਚ ਪਰਿਵਾਰਕ ਮੈਂਬਰਾਂ ਵੱਲੋਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਇਲਾਜ ਅਧੀਨ ਜ਼ਖ਼ਮੀ ਨੌਜਵਾਨ ਕਰਮਜੀਤ ਸਿੰਘ ਪੁੱਤਰ ਮੱਖਣ ਸਿੰਘ ਉਮਰ 29 ਸਾਲ ਵਾਸੀ ਫਾਜ਼ਿਲਕਾ ਫਿਰੋਜ਼ਪੁਰ ਰੋਡ ਬੱਘੇ ਕੇ ਉਤਾੜ੍ਹ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਉਸਦੇ ਪ੍ਰੇਮ ਸਬੰਧ ਜਲਾਲਾਬਾਦ ਵਿਖੇ ਰਹਿਣ ਵਾਲੇ ਪੰਜਾਬ ਪੁਲਸ ਦੇ ਏ.ਐੱਸ.ਆਈ. ਦੀ ਕੁੜੀ ਨਾਲ ਬਣੇ ਸਨ ਅਤੇ ਬਾਅਦ ’ਚ ਉਪਰੋਕਤ ਮੁਲਾਜ਼ਮ ਤੇ ਉਸਦੇ ਪਰਿਵਾਰ ਵਲੋਂ ਮੇਰੇ ਖ਼ਿਲਾਫ਼ ਇੱਕ ਮਾਮਲਾ ਦਰਜ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਪੁਲਸ ਦੇ ਵਲੋਂ ਜੇਲ੍ਹ ’ਚ ਭੇਜ ਦਿੱਤਾ ਗਿਆ ਸੀ ਅਤੇ ਜ਼ਮਾਨਤ ਮਿਲਣ ਤੋਂ ਬਾਅਦ ਉਹ ਕੁਝ ਸਮਾਂ ਪਹਿਲਾਂ ਬਾਹਰ ਆਇਆ ਹੈ।

ਜ਼ਖ਼ਮੀ ਨੇ ਅੱਗੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਕਤ ਪੁਲਸ ਮੁਲਾਜ਼ਮ ਤੇ ਉਸਦੇ ਪੁੱਤਰਾਂ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਜ਼ਖ਼ਮੀ ਨੌਜਵਾਨ ਨੇ ਕਿਹਾ ਕਿ ਬੀਤੇ ਦਿਨੀਂ ਜਦੋਂ ਉਹ ਘਰ ਦੇ ਬਾਹਰ ਦੇ ਮੋਬਾਇਲ ਚਲਾ ਰਿਹਾ ਸੀ ਉਨ੍ਹਾਂ ਦੀ ਸਾਜਿਸ਼ ਦੇ ਤਹਿਤ ਭੇਜੇ ਗਏ ਮੋਟਰਸਾਈਕਲ ਨਾਕਾਬਪੋਸ਼ ਹਥਿਆਰ ਬੰਦ ਨੌਜਵਾਨ ਨੇ ਉਸਦੇ ’ਤੇ ਜਾਨੋ ਮਾਰਨ ਦੀ ਨੀਯਤ ਨਾਲ ਫਾਇਰਿੰਗ ਕਰ ਦਿੱਤੀ ਅਤੇ ਇੱਕ ਗੋਲੀ ਉਸਦੀ ਬਾਂਹ ’ਤੇ ਲੱਗਣ ਕਾਰਨ ਬੇਹੋਸ਼ ਹੋ ਕੇ ਡਿੱਗਣ ਤੋਂ ਬਾਅਦ ਖੂਨ ਨਾਲ ਲੱਥਪਥ ਹੋ ਗਿਆ। ਜ਼ਖ਼ਮੀ ਨੇ ਕਿਹਾ ਕਿ ਉਹ ਆਪਣੀ ਤੇ ਪਰਿਵਾਰ ਦੇ ਜਾਨ ਮਾਲੀ ਦੀ ਹਿਫਾਜ਼ਤ ਲਈ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤਾਂ ਵੀ ਭੇਜ ਚੁੱਕਿਆ ਹੈ। ਪਰ ਪੁਲਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਉਕਤ ਵਿਅਕਤੀਆਂ ਵੱਲੋਂ ਉਸਨੂੰ ਜਾਨੋ ਮਾਰਨ ਦੀ ਨੀਯਤ ਨਾਲ ਹਮਲਾ ਕਰਵਾਇਆ ਗਿਆ ਲੱਗਦਾ ਹੈ।

ਇਸ ਮਾਮਲੇ ਸਬੰਧੀ ਜਦੋਂ ਥਾਣਾ ਸਦਰ ਜਲਾਲਾਬਾਦ ਦੇ ਏ.ਐੱਸ.ਆਈ. ਤਿਲਕ ਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਕਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 307 ਤੋਂ ਇਲਾਵਾ ਆਰਮਜ ਐਕਟ ਸਣੇ ਹੋਰ ਧਾਰਵਾਂ ਦੇ ਤਹਿਤ 2 ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਖ਼ਮੀ ਦੇ ਵੱਲੋਂ ਪੁਲਸ ਮੁਲਾਜ਼ਮ ਦੇ ਪਰਿਵਾਰ ’ਤੇ ਲਗਾਏ ਗਏ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਤਫਤੀਸ਼ੀ ਨੇ ਕਿਹਾ ਕਿ ਇਨ੍ਹਾਂ ਦੀ ਮੁਕੱਦਮੇਬਾਜੀ ਚੱਲਦੀ ਹੈ ਅਤੇ ਉਸਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


Shyna

Content Editor

Related News