ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ

05/24/2019 9:26:30 PM

ਦੋਰਾਹਾ, (ਗੁਰਮੀਤ ਕੌਰ)— ਦੋਰਾਹਾ ਨੇੜਲੇ ਪਿੰਡ ਮਲ੍ਹੀਪੁਰ ਵਿਖੇ ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ਕਰਕੇ ਇਕ ਵਿਆਹੁਤਾ ਦਾਜ ਦੀ ਬਲੀ ਚੜ੍ਹ ਗਈ। ਜਿਸ ਦੀ ਪਛਾਣ ਸੁਖਪ੍ਰੀਤ ਕੌਰ ਵਾਸੀ ਪਿੰਡ ਮਲ੍ਹੀਪੁਰ ਥਾਣਾ ਦੋਰਾਹਾ ਵਜੋਂ ਹੋਈ। ਦੋਰਾਹਾ ਪੁਲਸ ਪਾਸ ਦਰਜ ਕਰਵਾਏ ਆਪਣੇ ਬਿਆਨਾਂ 'ਚ ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਵਾਸੀ ਪਿੰਡ ਧੂਲਕੋਟ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 2017 'ਚ ਪਿੰਡ ਮਲ੍ਹੀਪੁਰ ਦੇ ਸੁਖਦੇਵ ਸਿੰਘ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ ਸੀ ਅਤੇ ਉਨ੍ਹਾਂ ਨੇ ਲੜਕੀ ਦੇ ਵਿਆਹ ਮੌਕੇ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਦਾ ਸਾਮਾਨ ਵੀ ਦਿੱਤਾ ਸੀ।
ਉਸ ਨੇ ਦੱਸਿਆ ਕਿ ਕੁਝ ਕੁ ਸਮਾਂ ਬੀਤਣ ਬਾਅਦ ਹੀ ਮ੍ਰਿਤਕਾ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਤਾਅਨੇ ਦਿੰਦੇ ਹੋਏ ਘੱਟ ਦਾਜ ਲਿਆਉਣ 'ਤੇ ਤੰਗ-ਪ੍ਰੇਸ਼ਾਨ ਕਰਨ ਲੱਗੇ। ਉਸ ਨੇ ਦੱਸਿਆ ਕਿ ਸਹੁਰਾ ਪਰਿਵਾਰ ਮ੍ਰਿਤਕਾ ਨੂੰ ਪਿਛਲੇ ਇਕ ਸਾਲ ਤੋਂ ਪੇਕੇ ਪਰਿਵਾਰ ਵੀ ਨਹੀਂ ਆਉਣ ਦੇ ਰਿਹਾ ਸੀ। ਸੁਖਦੇਵ ਸਿੰਘ ਨੇ ਦੱਸਿਆ ਕਿ 21 ਮਈ ਨੂੰ ਮ੍ਰਿਤਕਾ ਦੇ ਸਹੁਰਿਆਂ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਦੀ ਸਿਹਤ ਖਰਾਬ ਹੈ ਅਤੇ ਦੋਰਾਹਾ ਦੇ ਹਸਪਤਾਲ 'ਚ ਦਾਖਲ ਹੈ।
ਉਸ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੀ ਲੜਕੀ ਨੂੰ ਲੁਧਿਆਣਾ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ ਸੀ, ਜਿੱਥੇ ਕਿ 22 ਮਈ ਦੀ ਸ਼ਾਮ ਨੂੰ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਗਈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਦੀ ਮੌਤ ਸਹੁਰੇ ਪਰਿਵਾਰ ਵਾਲਿਆਂ ਵਲੋਂ ਜ਼ਹਿਰ ਦੇਣ ਕਾਰਨ ਹੋਈ ਹੈ। ਦੋਰਾਹਾ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ ਸੁਖਦੀਪ ਸਿੰਘ, ਸੱਸ ਪਰਮਜੀਤ ਕੌਰ, ਸਹੁਰਾ ਸਰਬਜੀਤ ਸਿੰਘ ਅਤੇ ਜੇਠ ਬੱਬੂ ਵਾਸੀ ਪਿੰਡ ਮਲ੍ਹੀਪੁਰ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

KamalJeet Singh

This news is Content Editor KamalJeet Singh