ਜਨਤਾ ਕਰਫਿਊ ਕਾਰਨ ਬਿਨ੍ਹਾਂ ਬੈਂਡ-ਵਾਜੇ ਤੋਂ ਹੋਇਆ ਵਿਆਹ

03/22/2020 10:18:14 PM

ਮਾਛੀਵਾੜਾ ਸਾਹਿਬ,(ਟੱਕਰ)- ਕੋਰੋਨਾ ਵਾਇਰਸ ਕਾਰਨ ਜਿੱਥੇ ਆਮ ਲੋਕਾਂ 'ਚ ਪ੍ਰੇਸ਼ਾਨੀ ਦੇਖਣ ਨੂੰ ਮਿਲੀ ਉਥੇ ਵਿਆਹ-ਸ਼ਾਦੀਆਂ ਵਾਲੇ ਘਰਾਂ 'ਚ ਵੀ ਇਸ ਬਿਮਾਰੀ ਨੂੰ ਲੈ ਕੇ ਸਹਿਮ ਦੇ ਮਾਹੌਲ ਕਾਰਨ ਉਨ੍ਹਾਂ ਇਹ ਸਮਾਗਮ ਸਾਦੇ ਢੰਗ ਸੰਪੰਨ ਕੀਤੇ। ਅੱਜ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਜਨਤਾ ਕਰਫਿਊ ਕਾਰਨ ਇੰਦਰਾ ਕਲੌਨੀ ਦੇ ਕੌਂਸਲਰ ਅਮਰਜੀਤ ਸਿੰਘ ਦੇ ਸਪੁੱਤਰ ਭਵਨਦੀਪ ਸਿੰਘ ਦਾ ਵਿਆਹ ਬੜੇ ਹੀ ਸਾਦੇ ਢੰਗ ਨਾਲ ਹੋਇਆ। ਪਰਿਵਾਰਕ ਮੈਂਬਰਾਂ ਅਨੁਸਾਰ ਕਿ ਭਵਨਦੀਪ ਸਿੰਘ ਦਾ ਵਿਆਹ ਸਾਹਨੇਵਾਲ ਦੀ ਰਹਿਣ ਵਾਲੀ ਲੜਕੀ ਬਲਵੰਤ ਕੌਰ ਨਾਲ ਅੱਜ ਮਿਤੀ 22 ਮਾਰਚ ਨੂੰ ਕੁੱਝ ਮਹੀਨੇ ਪਹਿਲਾਂ ਤੈਅ ਕੀਤਾ ਸੀ ਕਿਉਂਕਿ ਉਸ ਸਮੇਂ ਅਜਿਹੇ ਹਾਲਾਤਾਂ ਬਾਰੇ ਪਤਾ ਨਹੀਂ ਸੀ ਕਿ ਕਰਫਿਊ ਲੱਗ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਸਨ ਜਿਸ ਸਬੰਧੀ ਕਾਰਡ ਵੀ ਵੰਡੇ ਦਿੱਤੇ ਗਏ ਸਨ ਅਤੇ ਪੈਲੇਸ ਵੀ ਬੁੱਕ ਕਰਵਾਇਆ ਹੋਇਆ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਚਨਚੇਤ 22 ਮਾਰਚ ਨੂੰ ਵਿਆਹ ਵਾਲੇ ਦਿਨ ਜਨਤਕ ਕਰਫਿਊ ਲਗਾਉਣ ਤੋਂ ਬਾਅਦ ਲਾੜਾ-ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਫੈਸਲਾ ਕੀਤਾ ਕਿ ਵਿਆਹ ਬੜੇ ਸਾਦੇ ਢੰਗ ਨਾਲ ਕੀਤਾ ਜਾਵੇ। ਪਰਿਵਾਰਕ ਮੈਂਬਰਾਂ ਅਨੁਸਾਰ ਲੜਕੇ ਵਾਲਿਆਂ ਵਲੋਂ 7 ਮੈਂਬਰ ਤੇ ਲੜਕੀ ਵਾਲਿਆਂ ਵਲੋਂ 8 ਮੈਂਬਰ ਸਾਹਨੇਵਾਲ ਦੇ ਗੁਰਦੁਆਰਾ ਨਾਮਦੇਵ ਸਾਹਿਬ ਪੁੱਜੇ ਜਿੱਥੇ ਲਾੜਾ-ਲਾੜੀ ਨੇ ਆਨੰਦ ਕਾਰਜ਼ ਕਰਵਾਏ ਅਤੇ ਉਹ ਨਵ-ਵਿਆਹੀ ਲਾੜੀ ਨੂੰ ਲੈ ਕੇ ਘਰ ਵਾਪਿਸ ਆ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਦੇ ਮਨ 'ਚ ਚਾਅ ਸੀ ਕਿ ਵਿਆਹ ਬੜੇ ਜੋਸ਼ੋ-ਖਰੋਸ਼ ਨਾਲ ਹੁੰਦਾ ਪਰ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਉਨ੍ਹਾਂ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਅਤੇ ਵਿਆਹ ਸਾਦੇ ਢੰਗ ਨਾਲ ਕੀਤਾ।


Bharat Thapa

Content Editor

Related News