ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਚੀਜ਼, ਮੌਤ

05/09/2021 4:33:15 PM

ਫਿਰੋਜ਼ਪੁਰ (ਆਨੰਦ): 8 ਨੰਬਰ ਚੁੰਗੀ ਪ੍ਰਤਾਪ ਨਗਰ ਵਿਖੇ ਇਕ ਵਿਆਹੁਤਾ ਵੱਲੋਂ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧ ਵਿਚ ਥਾਣਾ ਕੁੱਲਗੜੀ ਦੀ ਪੁਲਸ ਨੇ ਵਿਆਹੁਤਾ ਦੇ ਪਤੀ ਸਮੇਤ ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਾਹੁਲ ਪੁੱਤਰ ਚਿਮਨ ਲਾਲ ਵਾਸੀ ਪੁਰਾਣੀ ਖਲਾਸੀ ਲਾਇਨ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਭੈਣ ਨੇਹਾ (27) ਜਿਸ ਦੀ ਮਿਤੀ 7 ਨਵੰਬਰ 2016 ਨੂੰ ਦੋਸ਼ੀ ਰਜਤ ਪੁੱਤਰ ਉਮੇਸ਼ ਚੰਦ ਨਾਲ ਲਵ-ਮੈਰਿਜ ਹੋਈ ਸੀ, ਜਿਸ ਕਾਰਨ ਰਜਤ ਦੇ ਮਾਤਾ-ਪਿਤਾ ਨੇਹਾ ਨਾਲ ਕੁੱਟ-ਮਾਰ ਕਰਦੇ ਰਹਿੰਦੇ ਸਨ ਤੇ ਰਜਤ ਵੀ ਆਪਣੇ ਮਾਤਾ-ਪਿਤਾ ਦਾ ਸਾਥ ਦਿੰਦਾ ਸੀ। ਜਿਸ ਸਬੰਧੀ ਪਹਿਲਾ ਵੀ ਕਈ ਵਾਰੀ ਪੰਚਾਇਤੀ ਰਾਜ਼ੀਨਾਮਾ ਹੋ ਚੁੱਕਾ ਸੀ।

ਰਾਹੁਲ ਨੇ ਦੱਸਿਆ ਕਿ ਮਿਤੀ 7 ਮਈ 2021 ਨੂੰ ਕਰੀਬ 12 ਵਜੇ ਰਜਤ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਨੇਹਾ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਹੈ। ਜਦ ਉਹ ਆਪਣੇ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਹਸਪਤਾਲ ਪਹੁੰਚੇ ਤਾਂ ਨੇਹਾ ਦੀ ਮੌਤ ਹੋ ਚੁੱਕੀ ਸੀ।ਜਾਂਚ ਅਧਿਕਾਰੀ ਏ. ਐੱਸ. ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਵਿਆਹੁਤਾ ਦੇ ਪਤੀ ਰਜਤ, ਸੱਸ ਸੁਨੀਤਾ ਅਤੇ ਸਹੁਰਾ ਉਮੇਸ਼ ਚੰਦ ਪੁੱਤਰ ਕਾਲੀ ਚਰਨ ਵਾਸੀਅਨ ਚੁੰਗੀ ਨੰਬਰ 8 ਪ੍ਰਤਾਪ ਨਗਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
 


Shyna

Content Editor

Related News