ਮਾਰਕੀਟ ਕਮੇਟੀਆਂ ’ਚ ਸਥਾਪਤ 15 ਕਿਸਾਨ ਹੈਲਪ ਡੈਸਕ ਕਿਸਾਨਾਂ ਲਈ ਸਹਾਈ ਸਿੱਧ ਹੋ ਰਹੇ ਹਨ: ਜਸਪਾਲ ਘੁਮਾਣ

04/24/2021 4:50:27 PM

ਸੰਗਰੂਰ (ਬਿਊਰੋ): ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੀ ਸਿੱਧੀ ਅਦਾਇਗੀ ਲਈ ਰਜਿਸਟ੍ਰੇਸ਼ਨ ਨੂੰ ਲੈ ਕੇ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹੇ ਦੀਆਂ 15 ਮਾਰਕੀਟ ਕਮੇਟੀਆਂ ਦੇ ਦਫਤਰਾਂ ’ਚ ਕਿਸਾਨ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ। ਕਿਸਾਨਾਂ ਦੀ ਸੁਵਿਧਾ ਲਈ ਛੁੱਟੀ ਵਾਲੇ ਦਿਨਾਂ ਸਮੇਤ ਰੋਜ਼ਾਨਾ ਖੋਲ੍ਹੇ ਹੈਲਪ ਡੈਸਕਾਂ ’ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ ਕਿਸਾਨ ਭਰਾਵਾਂ ਲਈ ਸਹਾਈ ਸਿੱਧ ਹੋ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਜਸਪਾਲ ਸਿੰਘ ਘੁਮਾਣ ਨੇ ਦਿੱਤੀ।

ਜਸਪਾਲ ਸਿੰਘ ਘੁਮਾਣ ਨੇ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ ਵਿਚ ਜਿਣਸ ਦੀ ਸਿੱਧੀ ਅਦਾਇਗੀ ਕਰਨ ਲਈ ਅਨਾਜ ਖ਼ਰੀਦ ਪੋਰਟਲ ਬਣਾਇਆ ਗਿਆ ਹੈ ਅਤੇ ਜਿਨ੍ਹਾਂ ਕਿਸਾਨਾਂ ਦੀ ਇਸ ਪੋਰਟਲ ’ਤੇ ਰਜਿਸਟਰੇਸ਼ਨ ਨਹੀਂ ਹੋਈ ਹੈ, ਸਬੰਧਤ ਮਾਰਕੀਟ ਦਫਤਰ ਵਿਖੇ ਪਹੁੰਚ ਕਰਕੇ ਹੈਲਪ ਡੈਸਕ ਰਾਹੀਂ ਰਜਿਸਟਰੇਸ਼ਨ ਕਰਵਾ ਸਕਦੇ ਹਨ ਅਤੇ ਖੁਦ ਆਪਣੇ ਪੱਧਰ ‘ਤੇ ਵੀ ਰਜਿਸਟਰੇਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਆਦੇਸ਼ਾਂ ਮੁਤਾਬਕ ਕਿਸਾਨਾਂ ਦੀ ਖਰੀਦ ਕੀਤੀ ਫਸਲ ਦੀ ਸਮੇਂ ਨਾਲ ਸਿੱਧੀ ਅਦਾਇਗੀ ਕਰਵਾਉਣ ਲਈ ਮਾਰਕੀਟ ਦਫਤਰਾਂ ਦੇ ਕਾਮੇ ਕਾਰਜ਼ਸੀਲ ਹਨ।

ਉਨ੍ਹਾਂ ਦੱਸਿਆ ਕਿ ਕਿਸਾਨ ਨੂੰ ਆਪਣਾ ਆਧਾਰ ਕਾਰਡ, ਬੈਂਕ ਖਾਤਾ ਅਤੇ ਸਬੰਧਤ ਆੜ੍ਹਤੀਏ ਸਬੰਧੀ ਵੇਰਵੇ ਦੇਣੇ ਹੁੰਦੇ ਹਨ, ਇਸ ਮਗਰੋਂ ਪਹਿਲਾਂ ਆਈ ਫਾਰਮ ਅਤੇ ਬਾਅਦ ’ਚ ਜੇ ਫਾਰਮ ਜਨਰੇਟ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਹੈਲਪ ਡੈਸਕ ’ਤੇ ਅਕਾਊਂਟ ਰਜਿਸਟਰੇਸ਼ਨ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਅਦਾਇਗੀ ਸਬੰਧੀ ਮੁਸ਼ਕਲ ਆਦਿ ਬਾਰੇ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਣ ’ਤੇ ਕਿਸਾਨ ਹੈਲਪ ਡੈਸਕ ’ਤੇ ਰਾਬਤਾ  ਬਣਾਉਣ।


Shyna

Content Editor

Related News