ਨਕਸਲੀਆਂ ਦੇ ਹਮਲੇ ’ਚ ਸ਼ਹੀਦ ਹੋਇਆ ਨਾਇਕ ਸੁਖਚੈਨ ਸਿੰਘ

12/10/2018 2:38:53 AM

ਫਾਜ਼ਿਲਕਾ, (ਨਾਗਪਾਲ)- ਪਿੰਡ ਇਸਲਾਮਵਾਲਾ ’ਚ ਅੱਜ ਉਸ ਸਮੇਂ ਸ਼ੋਕ ਦੀ ਲਹਿਰ ਫੈਲ ਗਈ, ਜਦੋਂ ਪਿੰਡ ਵਾਸੀ 28 ਸਾਲਾ ਸੁਖਚੈਨ ਸਿੰਘ ਦੇ ਅਰੁਣਾਚਲ ਪ੍ਰਦੇਸ਼ ਵਿਖੇ ਸ਼ਹੀਦ ਹੋਣ ਦੀ ਖਬਰ ਪੁੱਜੀ। ਸੁਖਚੈਨ ਸਿੰਘ ਦੇ ਪਿਤਾ ਧਰਮਜੀਤ ਸਿੰਘ ਮਾਨ  ਕਿਸਾਨ ਹਨ। ਉਸ ਦੇ ਸ਼ਹੀਦ ਹੋਣ ਦੀ ਖਬਰ ਸੁਣ ਕੇ ਮਾਪਿਆਂ ਦੇ ਨਾਲ ਕਰੀਬ 4 ਸਾਲ ਪਹਿਲਾਂ ਵਿਆਹੁਤਾ ਪਤਨੀ ਕਿਰਨਦੀਪ ਕੌਰ ਜਿਸ ਦੀ ਗੋਦ ’ਚ 8 ਮਹੀਨਿਆਂ ਦਾ ਪੁੱਤਰ ਹੈ, ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨ ਨਕਸਲੀਆਂ ਦੇ ਹਮਲੇ ’ਚ ਸੁਖਚੈਨ ਸਿੰਘ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਉਹ 2009 ’ਚ ਫੌਜ ’ਚ ਭਰਤੀ ਹੋਇਆ ਸੀ ਅਤੇ 19 ਸਿੱਖ ਰੈਜ਼ੀਮੈਂਟ ’ਚ ਲਾਂਸ ਨਾਇਕ ਸੀ। ਉਸ ਦੇ ਪਿਤਾ ਧਰਮਜੀਤ ਸਿੰਘ ਨੇ ਦੱਸਿਆ ਕਿ ਪੁਣੇ ਦੇ ਟ੍ਰੇਨਿੰਗ ਸੈਂਟਰ ’ਚ ਉਹ ਪਹਿਲੇ ਸਥਾਨ ’ਤੇ ਰਿਹਾ ਸੀ। ਸੁਖਚੈਨ ਸਿੰਘ ਆਪਣੇ ਪਿਛੇ ਦਾਦਾ-ਦਾਦੀ, ਮਾਤਾ-ਪਿਤਾ, ਇਕਲੌਤੀ ਭੈਣ ਅਤੇ ਪਤਨੀ ਤੋਂ ਇਲਾਵਾ 3 ਸਾਲ ਦੀ ਧੀ ਅਤੇ 8 ਮਹੀਨਿਆਂ ਦਾ ਪੁੱਤਰ ਛੱਡ ਗਿਆ ਹੈ। ਉਸ ਦੀ ਭੈਣ ਵਿਆਹੁਤਾ ਸੀ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੁੱਤਰ ਸੀ। ਪਿਤਾ ਨੇ ਦੱਸਿਆ ਕਿ ਉਹ ਅਜੇ ਪਿੱਛੇ ਜਿਹੇ ਹੀ 45 ਦਿਨਾਂ ਦੀ ਛੁੱਟੀ ਕੱਟ ਕੇ ਗਿਆ ਸੀ ਅਤੇ ਉਸ ਨੇ 4 ਦਸੰਬਰ ਨੂੰ ਮੁਡ਼ ਤੋਂ ਆਪਣੀ ਡਿਊਟੀ ਜੁਆਇਨ ਕੀਤੀ ਸੀ। ਸੰਪਰਕ ਕਰਨ ’ਤੇ ਫਾਜ਼ਿਲਕਾ ਦੇ ਐੱਸ. ਡੀ. ਐੱਮ. ਸੁਭਾਸ਼ ਚੰਦਰ ਖੱਟਕ ਨੇ ਦੱਸਿਆ ਕਿ ਉਸ ਦੀ ਦੇਹ ਸੋਮਵਾਰ ਸਵੇਰੇ ਪਿੰਡ ਪੁੱਜੇਗੀ, ਜਿਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਿਵਲ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਹਾਲਾਂਕਿ ਸੁਖਚੈਨ ਸਿੰਘ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਸੀ ਪਰ ਕਮਰ ਤੋਂ ਹੇਠਾਂ ਗੋਲੀ ਪਿਸ਼ਾਬ ਵਾਲੀ ਥਾਂ ਦੇ ਕੋਲੋਂ ਨਿਕਲਣ ਕਾਰਨ ਉਸ ਲਈ ਘਾਤਕ ਸਿੱਧ ਹੋਈ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਵੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 

KamalJeet Singh

This news is Content Editor KamalJeet Singh