ਬਹੁਤੇ ਲੋੜਵੰਦ ਪਰਿਵਾਰ ਅਜੇ ਵੀ ਹਨ ਕੈਪਟਨ ਦੇ ਫੋਟੋ ਵਾਲੇ ਰਾਸ਼ਨ ਦੀ ਉਡੀਕ ''ਚ

04/14/2020 9:26:40 PM

ਸੰਗਰੂਰ,(ਸਿੰਗਲਾ)- ਕੋਰੋਨਾ ਵਾਇਰਸ ਨਾਮਕ ਜੀਵਾਣੂ ਨੇ ਪੂਰੀ ਦੁਨੀਆ ਭਰ 'ਚ ਆਪਣਾ ਕਹਿਰ ਵਰਪਾ ਕੇ ਰੱਖ ਦਿੱਤਾ ਹੈ। ਪੰਜਾਬ 'ਚ ਵੀ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਪੰਜਾਬ 'ਚ ਸੂਬਾ ਸਰਕਾਰ ਨੇ ਕਰਫਿਊ ਦੀ ਮਿਆਦ ਅਪ੍ਰੈਲ ਮਹੀਨੇ ਦੇ ਅਖੀਰ ਤੱਕ ਵਧਾ ਦਿੱਤੀ ਹੈ ਜਿਸ ਕਰ ਕੇ ਲੋੜਵੰਦ ਪਰਿਵਾਰਾਂ ਨੂੰ ਆਪਣੇ ਗੁਜਰ-ਬਸਰ ਕਰਨ ਲਈ ਖਾਣ-ਪੀਣ ਵਾਲੇ ਸਾਮਾਨ ਦੀ ਘਾਟ ਕਾਰਣ ਚਿੰਤਾ ਹੋਰ ਵੀ ਜ਼ਿਆਦਾ ਸਤਾਉਣ ਲੱਗੀ ਹੈ। ਅਜੇ ਵੀ ਬਹੁਤੇ ਲੋੜਵੰਦ ਲੋਕ ਸੂਬਾ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਰਾਸ਼ਨ ਦੇ ਥੈਲਿਆਂ ਦੀ ਉਡੀਕ 'ਚ ਬੈਠੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਸ਼ਾਇਦ ਸਰਕਾਰ ਉਨ੍ਹਾਂ ਤੱਕ ਰਾਸ਼ਨ ਪੁੱਜਦਾ ਕਰ ਉਨ੍ਹਾਂ ਦੀ ਸਾਰ ਲਵੇਗੀ।'' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ, ਆਕਲੀ ਆਗੂ ਅਤੇ ਸਿੱਖ ਬੁਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕੀਤਾ।
ਉਨ੍ਹਾਂ ਕਿਹਾ ਕਿ ਅਸਲ ਰੂਪ 'ਚ ਲੋੜਵੰਦ ਪਰਿਵਾਰ ਅੱਜ ਵੀ ਸਰਕਾਰ ਵੱਲੋਂ ਵੰਡੇ ਜਾਣ ਵਾਲੇ ਰਾਸ਼ਨ ਤੋਂ ਵਾਂਝੇ ਹਨ ਕਿਉਂਕਿ ਰਾਸ਼ਨ ਵੰਡਣ ਦੀ ਪ੍ਰਕਿਰਿਆ ਪ੍ਰਸ਼ਾਸਨਿਕ ਤੌਰ 'ਤੇ ਜਾਂ ਫਿਰ ਪੰਚਾਇਤਾਂ ਰਾਹੀਂ ਵੰਡਣ ਦੀ ਬਜਾਏ ਕਾਂਗਰਸੀ ਆਗੂਆਂ ਅਤੇ ਕਾਂਗਰਸੀ ਵਿਧਾਇਕ ਅਤੇ ਹਲਕਾ ਇੰਚਾਰਜਾਂ ਦੇ ਪੀ. ਏ. ਅਤੇ ਉਨ੍ਹਾਂ ਦੇ ਚਹੇਤੇ ਆਗੂਆਂ ਦੇ ਹੱਥ 'ਚ ਹੈ, ਅਸਲ ਲੋੜਵੰਦਾਂ ਨੂੰ ਰਾਸ਼ਨ ਸਮਾਜਸੇਵੀ ਸੰਸਥਾਵਾਂ ਅਤੇ ਦਾਨੀ ਸੱਜਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਜਦੋਂਕਿ ਸਰਕਾਰੀ ਰਾਸ਼ਨ ਇਨ੍ਹਾਂ ਰਾਜਨੀਤਿਕ ਆਗੂਆਂ ਵੱਲੋਂ ਆਪਣੀ ਮਰਜ਼ੀ ਮੁਤਾਬਕ ਆਪਣੇ ਚਹੇਤੇ ਲਾਭਪਾਤਰੀਆਂ ਦੀ ਚੋਣ ਕਰ ਕੇ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਵੰਡਣ ਦੀ ਪ੍ਰਕਿਰਿਆ ਕਾਂਗਰਸੀ ਆਗੂਆਂ ਦੇ ਹੱਥਾਂ 'ਚ ਦੇਣ ਦੀ ਬਜਾਏ ਪਿੰਡਾਂ ਦੇ ਸਾਂਝੇ ਨੁਮਾਇੰਦਿਆਂ ਰਾਹੀਂ ਨਿਰਪੱਖਤਾ ਨਾਲ ਲਿਸਟਾਂ ਤਿਆਰ ਕਾਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਉਹ ਆਪਣਾ ਨਿੱਜੀ ਦਖਲ ਦਿੰਦੇ ਹੋਏ ਸਰਕਾਰੀ ਰਾਸ਼ਨ ਵਾਲੀਆਂ ਕਿੱਟਾਂ ਨੂੰ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਨੂੰ ਯਕੀਨੀ ਬਣਾਉਣ।


Bharat Thapa

Content Editor

Related News