ਮਾਨਸਾ ਦੇ ਸਰਪੰਚਾਂ ਵਲੋਂ SSP ਭਾਰਗਵ ਨੂੰ ਕੀਤਾ ਗਿਆ ਸਨਮਾਨਿਤ

05/23/2020 10:50:15 PM

ਮਾਨਸਾ,(ਮਿੱਤਲ) : ਮਾਨਸਾ ਵਿਧਾਨ ਸਭਾ ਹਲਕੇ ਦੇ ਮਾਨਸਾ ਬਲਾਕ ਦੇ ਸਰਪੰਚਾਂ ਵੱਲੋਂ ਜਿਲ੍ਹੇ ਦੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਕੰਮ ਕਰ ਰਹੀ ਮਾਨਸਾ ਪੁਲਿਸ ਵਲੋਂ ਕਰਫਿਊ ਦੌਰਾਨ ਜੋ ਭੂਮਿਕਾ ਮਾਨਸਾ ਜਿਲ੍ਹੇ ਵਿੱਚ ਨਿਭਾਈ ਗਈ ਹੈ, ਉਸ ਨੂੰ ਦੇਖਦੇ ਹੋਏ ਉਨ੍ਹਾਂ ਦਾ ਸਨਮਾਨ ਮਾਨਸਾ ਬਲਾਕ ਦੀਆਂ ਪੰਚਾਇਤਾਂ ਵੱਲੋਂ ਕੀਤਾ ਗਿਆ। ਮਾਨਸਾ ਬਲਾਕ ਸਰਪੰਚ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਬੁਰਜ ਢਿੱਲਵਾਂ ਨੇ ਕਿਹਾ ਕਿ ਮਾਨਸਾ ਪੁਲਿਸ ਵਲੋਂ ਜੋ ਵੀ.ਪੀ.ਓ ਸਕੀਮ ਲਾਗੂ ਕੀਤੀ ਗਈ, ਉਸ ਨਾਲ ਉਨ੍ਹਾਂ ਨੂੰ ਕਰਫਿਊ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਈ ਅਤੇ ਪਿੰਡ ਦੀਆਂ ਜੋ ਵੀ ਜਰੂਰੀ ਲੋੜਾਂ ਸਨ। ਉਨ੍ਹਾਂ ਨੂੰ ਪੁਲਿਸ ਵੱਲੋਂ ਨਿਯੁਕਤ ਕੀਤੇ ਗਏ ਵੀ.ਪੀ.ਓ ਅਤੇ ਪਿੰਡਾਂ ਦੀਆਂ ਤਾਲਮੇਲ ਕਮੇਟੀਆਂ ਰਾਹੀਂ ਪੂਰਾ ਕੀਤਾ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਜੋ ਵੀ.ਪੀ.ਓ. ਸਿਸਟਮ ਲਾਗੂ ਕਰਕੇ ਪਿੰਡ ਕਮੇਟੀਆਂ ਬਣਵਾਈਆਂ ਗਈਆਂ ਹਨ।

ਇਸ ਨਾਲ ਸਰਪੰਚਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੁਲਿਸ ਨੇ ਪ੍ਰਮੁੱਖ ਰੋਲ ਦੇ ਕੇ ਮਾਣ ਬਖਸ਼ਿਆ ਹੈ, ਜਿਸ ਨਾਲ ਸਰਪੰਚ, ਵੀ.ਪੀ.ਓਜ਼ ਰਾਹੀਂ ਸਵੈ ਨਾਕੇ ਲਾਕੇ ਕਰਫਿਊ ਚੰਗੀ ਤਰ੍ਹਾਂ ਲਾਗੂ ਕਰਨ ਵਿੱਚ ਸਫਲ ਰਹੇ। ਇਸ ਕਾਰਣ ਸਰਪੰਚਾਂ ਅਤੇ ਪੰਚਾਇਤਾਂ ਦਾ ਮਨੋਬਲ ਵਧਿਆ ਹੈ। ਇਸ ਤੋਂ ਇਲਾਵਾ ਪਿੰਡਾਂ ਦੇ ਬਜ਼ੁਰਗਾਂ, ਵਿਧਵਾਵਾਂ, ਅੰਗਹੀਣਾਂ ਅਤੇ ਅਨਾਥ ਪੈਨਸ਼ਨਾਂ ਨੂੰ ਵੀਪੀਓਜ਼ ਅਤੇ ਬੈਂਕਾਂ ਦੇ ਕਰਮਚਾਰੀਆਂ ਰਾਹੀਂ ਪਿੰਡ-ਪਿੰਡ ਘਰ-ਘਰ ਥੋੜ੍ਹੇ ਸਮੇਂ ਵਿੱਚ ਹੀ ਤਕਸੀਮ ਕਰਕੇ ਵੱਡੀ ਮੁਸ਼ਕਿਲ ਦਾ ਹੱਲ ਕੀਤਾ ਗਿਆ। ਇਹ ਸਕੀਮ ਮਾਨਸਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਵਲੋਂ ਸਮੁੱਚੇ ਦੇਸ਼ ਵਿੱਚ ਪਹਿਲੀ ਵਾਰ ਲਾਗੂ ਕੀਤੀ ਗਈ ਹੈ। ਜਿਸ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਪੰਚਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਜਿਲ੍ਹਾ ਮਾਨਸਾ ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਜੋ ਮੁਹਿੰਮ ਚਲਾਈ ਗਈ ਸੀ, ਉਹ ਵੀ ਪੂਰੀ ਤਰ੍ਹਾਂ ਸਫਲ ਰਹੀ ਹੈ।

ਇਸ ਤੋਂ ਇਲਾਵਾ ਜੋ ਮਾਨਸਾ ਪੁਲਿਸ ਮੁਖੀ ਵੱਲੋਂ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਫਸਲਾਂ ਦਾ ਸਹੀ ਮੁੱਲ ਦਿਵਾਉਣ ਲਈ ਕਿਸਾਨ ਸੱਥਾਂ ਲਾਈਆਂ ਗਈਆਂ ਅਤੇ ਖੁਦ ਪਿੰਡਾਂ ਵਿੱਚ ਜਾ ਕੇ ਖੇਤਾਂ ਵਿਚੋਂ ਸਬਜ਼ੀਆਂ ਨੂੰ ਦੂਜੇ ਸੂਬਿਆਂ ਵਿੱਚ ਭਿਜਵਾਉਣ ਦਾ ਉਪਰਾਲਾ ਕੀਤਾ ਗਿਆ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਬਜ਼ੀਆਂ ਦੀ ਫਸਲ ਦਾ ਸਹੀ ਮੁੱਲ ਮਿਲ ਸਕੇ। ਇਸ ਤਰ੍ਹਾਂ ਡਾ. ਨਰਿੰਦਰ ਭਾਰਗਵ ਵਲੋਂ ਐਸ. ਐਸ. ਪੀ. ਮਾਨਸਾ ਵਜੋਂ ਕੰਮ ਕਰਦੇ ਹੋਏ ਬਹੁਤ ਸ਼ਲਾਘਾਯੋਗ ਕੰਮ ਕੀਤੇ ਗਏ ਹਨ। ਜਿਨ੍ਹਾਂ ਨੂੰ ਮੁੱਖ ਰਖਦੇ ਹੋਏ ਸਰਪੰਚਾਂ ਵੱਲੋਂ ਅੱਜ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸਰਪੰਚ ਜੱਗਾ ਸਿੰਘ ਬਰਨਾਲਾ, ਕੁਲਦੀਪ ਸਿੰਘ ਖਾਰਾ, ਕੁਲਦੀਪ ਸਿੰਘ ਮਾਨ ਬੀਬੜੀਆਂ, ਬੇੱਕਰ ਸਿੰਘ ਠੂਠਿਆਂਵਾਲੀ, ਗਾਗੜ ਸਿੰਘ ਕੋਟ ਲੱਲੂ, ਲਾਭ ਸਿੰਘ ਬੁਰਜ ਰਾਠੀ, ਗੁਰਮੀਤ ਸਿੰਘ ਤਾਮਕੋਟ, ਕੁਲਦੀਪ ਸਿੰਘ ਰਮਦਿੱਤੇਵਾਲਾ, ਕਮਲਜੀਤ ਸਿੰਘ ਸੱਦਾ ਸਿੰਘ ਵਾਲਾ, ਅਮਰੀਕ ਸਿੰਘ ਦਲੇਲ ਸਿੰਘ ਵਾਲਾ, ਹਰਬੰਸ ਸਿੰਘ ਭਾਈ ਦੇਸਾ, ਨਿਰਮਲ ਸਿੰਘ ਬੁਰਜ ਢਿੱਲਵਾਂ, ਗੁਰਬਖਸ਼ ਸਿੰਘ ਮਾਨਸਾ ਕੈਂਚੀਆਂ ਆਦਿ ਸਰਪੰਚ ਹਾਜ਼ਰ ਸਨ.


 


Deepak Kumar

Content Editor

Related News