SSP ਡਾ. ਭਾਰਗਵ ਦੀ ਬਦਲੀ ''ਤੇ ਲੋਕਾਂ ''ਚ ਮਾਯੂਸੀ, ਵੱਡੀ ਜ਼ਿੰਮੇਵਾਰੀ ਦੇਣ ਦੀ ਉੱਠੀ ਮੰਗ

07/31/2020 11:11:48 PM

ਮਾਨਸਾ,(ਸੰਦੀਪ ਮਿੱਤਲ) : ਜ਼ਿਲਾ ਮਾਨਸਾ ਦੇ ਪੁਲਸ ਮੁਖੀ ਤੋਂ ਬਦਲ ਕੇ ਪੰਜਾਬ ਸਰਕਾਰ ਵੱਲੋ ਵਿਜੀਲੈਂਸ ਬਠਿੰਡਾ ਦੇ ਐਸ. ਐਸ. ਪੀ. ਲਾਏ ਗਏ ਡਾ. ਨਰਿੰਦਰ ਭਾਰਗਵ ਦੇ ਤਬਾਦਲੇ ਨੂੰ ਲੈ ਕੇ ਸ਼ਹਿਰੀਆਂ 'ਚ ਮਾਯੂਸੀ ਪਾਈ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਡਾ. ਭਾਰਗਵ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਕਿਸੇ ਵੱਡੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਸੀ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਮਿਹਨਤ ਦੇ ਇਵਜ਼ ਵਜੋਂ ਉਨ੍ਹਾਂ ਨੂੰ ਵਿਜੀਲੈਂਸ ਬਠਿੰਡਾ ਦਾ ਚਾਰਜ ਦੇ ਕੇ ਉਨ੍ਹਾਂ ਨੂੰ ਬਣਦੀ ਜ਼ਿੰਮੇਵਾਰੀ ਨਹੀਂ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਡਾ. ਨਰਿੰਦਰ ਭਾਰਗਵ ਨੇ ਦੂਜੀ ਵਾਰ ਮਾਨਸਾ ਦੇ ਐਸ. ਐਸ. ਪੀ. ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲਦਿਆਂ ਕਰੀਬ ਇਕ ਸਾਲ ਦਾ ਆਪਣਾ ਸਮਾਂ ਪੂਰਾ ਕੀਤਾ। ਇਸ ਤੋਂ ਪਹਿਲਾਂ ਜਦੋਂ ਉਹ ਮਾਨਸਾ ਐਸ. ਐਸ. ਪੀ. ਰਹੇ ਤਾਂ ਉਨ੍ਹਾਂ ਨੇ ਤੇਲ ਚੋਰੀ ਕਰਨ ਦੀਆਂ ਚੋਰੀਆਂ ਫੜਨ ਤੋਂ ਇਲਾਵਾ ਵੱਡੇ ਨਸ਼ਾ ਤਸਕਰਾਂ ਨੂੰ ਨੱਥ ਪਾਈ, ਜਿਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਮਾਨਸਾ ਜ਼ਿਲ੍ਹੇ ਦਾ ਦੂਜੀ ਵਾਰ ਐਸ.ਐਸ. ਪੀ. ਨਿਯੁਕਤ ਕੀਤਾ ਗਿਆ।

ਪੰਚਾਇਤ ਯੂਨੀਅਨ ਬਲਾਕ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ, ਸਰਪੰਚ ਗੁਰਵਿੰਦਰ ਸਿੰਘ ਬੀਰੋਕੇ,ਵਪਾਰੀ ਆਗੂ ਸ਼ਾਮ ਲਾਲ ਧਲੇਵਾਂ,ਵਪਾਰ ਮੰਡਲ ਬੋਹਾ ਦੇ ਪ੍ਰਧਾਨ ਸੁਰਿੰਦਰ ਮੰਗਲਾ ਆਦਿ ਨੇ ਕਿਹਾ ਕਿ ਡਾ. ਭਾਰਗਵ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੰਮ ਕਰਦਿਆਂ ਰਿਕਾਡਰ ਤੋੜ ਕੰਮ ਕੀਤਾ ਤੇ ਇਹ ਸਾਬਿਤ ਕੀਤਾ ਕਿ ਪੁਲਿਸ ਲੋਕਾਂ 'ਤੇ ਰੋਹਬ ਕਾਇਮ ਕਰਨ ਲਈ ਨਹੀਂ, ਬਲਕਿ ਉਨ੍ਹਾਂ ਦੀ ਸੁਰੱਖਿਆ ਲਈ  ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਮਾਜ ਵਿਚ ਵਧੀਆ ਕੰਮ ਕਰਨ ਵਾਲਿਆਂ ਨੂੰ ਖੁੰਝੇ ਲਾ ਰਹੀ ਹੈ, ਬਲਕਿ ਅਜਿਹੇ ਅਫਸਰਾਂ ਨੂੰ ਵੱਡੇ ਜ਼ਿਲ੍ਹਿਆਂ ਆਦਿ 'ਚ ਤਾਇਨਾਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਾ. ਭਾਰਗਵ ਦਾ ਕੰਮ ਕਰਨ ਦਾ ਆਪਣਾ ਇਮਾਨਦਾਰੀ ਭਰਿਆ ਜਜਬਾ ਹੈ ਤੇ ਉਨ੍ਹਾਂ ਦੀ ਇਮਾਨਦਾਰੀ ਕੋਰੋਨਾ ਖਿਲਾਫ ਲੜਾਈ ਲੜਨ ਦਾ ਤਜ਼ਰਬਾ ਹੈ, ਜਿਸ ਨੂੰ ਕਦੇਂ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਅਫਸਰਾਂ ਨੂੰ ਸੂਬੇ ਦੇ ਉੱਚੇ ਕੰਮਾਂ ਤੇ ਲੋਕਾਂ ਦੀ ਸੁਰੱਖਿਆ ਵਾਲੇ ਕੰਮ ਸੌਂਪਣੇ ਚਾਹੀਦੇ ਹਨ। ਜਿੰਨਾਂ ਕਰਕੇ ਉਨ੍ਹਾਂ ਦਾ ਕੰਮ ਹੋਰ ਵੀ ਬੋਲੇ ਤੇ ਉਨ੍ਹਾਂ ਦੀਆਂ ਕੰਮ ਕਰਨ ਦੀਆਂ ਸ਼ਕਤੀਆਂ ਵਿਚ ਵਾਧਾ ਹੋਵੇ। ਉਨ੍ਹਾਂ ਕਿਹਾ ਕਿ ਬਦਲੀਆਂ ਕਰਨਾ ਜਾਂ ਨਾ ਕਰਨਾ ਸਰਕਾਰ ਦਾ ਆਪਣਾ ਕੰਮ ਹੈ ਪਰ ਇਸ ਵਿਚ ਅਫਸਰਾਂ ਦੀ ਮਿਹਨਤ ਤੇ ਕੀਤੇ ਕੰਮਾਂ ਦੀ
ਕਾਰਗੁਜ਼ਾਰੀ ਦੇਖ ਕੇ ਅਗਲੇ ਫੈਸਲੇ ਲੈਣੇ ਚਾਹੀਦੇ ਹਨ।


 

Deepak Kumar

This news is Content Editor Deepak Kumar