ਗੁਰਪ੍ਰੀਤ ਸਿੰਘ ਕਾਂਗੜ ਨੇ ਸੈਂਟਰਲ ਪਾਰਕ ਦਾ ਕੀਤਾ ਉਦਘਾਟਨ

11/22/2019 5:15:13 PM

ਮਾਨਸਾ (ਸੰਦੀਪ ਮਿੱਤਲ) : ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ 33 ਏਕੜ 'ਚ ਬਣ ਕੇ ਤਿਆਰ ਹੋਏ ਵਿਸ਼ਾਲ ਸੈਂਟਰਲ ਪਾਰਕ ਦਾ ਉਦਘਾਟਨ ਕਰਕੇ ਮਾਨਸਾ ਦੇ ਲੋਕਾਂ ਨੂੰ ਸਮਰਪਿਤ ਕੀਤਾ। ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਅਤੇ ਉਨ੍ਹਾਂ ਦੀ ਟੀਮ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕਾਂਗੜ ਨੇ ਐਲਾਨ ਕੀਤਾ ਕਿ ਇਸ ਪਾਰਕ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਸੈਂਟਰਲ ਪਾਰਕ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੈਂਟਰਲ ਪਾਰਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਤੰਦਰੁਸਤ ਪੰਜਾਬ ਦੇ ਵਿਚਾਰ ਨਾਲ ਮੇਲ ਖਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੁੰਦਰ ਪਾਰਕ ਨਾਲ ਪੰਜਾਬ ਸਰਕਾਰ ਨੇ ਮਾਨਸਾ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਇਸ ਸਮਾਗਮ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪਾਰਕ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ, ਖਾਸ ਕਰਕੇ ਖੇਡਾਂ ਵਾਲੇ ਵਿਅਕਤੀਆਂ ਦੀ ਜਰੂਰਤ ਹੈ ਜਿਨ੍ਹਾਂ ਦੇ ਅਭਿਆਸ ਕਰਨ ਲਈ ਯੋਗ ਥਾਂ ਦੀ ਕਮੀ ਸੀ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਪ੍ਰੋਜੈਕਟ ਮੁਖੀ ਅਵਤਾਰ ਸਿੰਘ ਨੱਤ, ਸੁਪਰਵਾਇਜ਼ਰ ਹਰਪਿੰਦਰ, ਅਰਸ਼ਦੀਪ ਸਿੰਘ, ਕੰਵਰ, ਮੋਹਨ ਅਤੇ ਹੋਰਨਾਂ ਦੇ ਅਣਥੱਕ ਯਤਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮਾਨਸਾ ਦੇ ਲੋਕਾਂ ਨੂੰ ਇਹ ਪਾਰਕ ਸਮਰਪਿਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਪਾਰਕ ਵਿਚ ਸਵੀਮਿੰਗ ਪੂਲ, ਰੇਨ ਡਾਂਸ ਲਾਈਟਾਂ, ਮਿਊਜ਼ੀਕਲ ਫੁਹਾਰਾ, ਇਕ ਬਾਸਕਿਟਬਾਲ ਅਤੇ ਦੋ ਬੈਡਮਿੰਟਨ ਕੋਰਟ, ਯੋਗਾ ਹੱਟ, ਕਿਡਜ਼ ਪਲੇਅ ਜ਼ੋਨ, 1.5 ਕਿਲੋਮੀਟਰ ਲੰਬਾ ਪੈਦਲ ਅਤੇ ਸਾਇਕਲਿੰਗ ਟਰੈਕ, ਸਾਊਂਡ ਸਿਸਟਮ ਨਾਲ ਲੈਸ ਪੰਜਾਬੀ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਯਾਦਗਾਰੀ ਓਪਨ ਏਅਰ ਥੀਏਟਰ ਹੈ। ਇਸ ਤੋਂ ਇਲਾਵਾ ਪਾਰਕ ਵਿਚ 5 ਲੱਖ ਵਰਗ ਫੁੱਟ ਖੇਤਰ ਵਿਚ ਘਾਹ, 90 ਹਜ਼ਾਰ ਵਰਗ ਫੁੱਟ ਜ਼ਮੀਨ ਵਿਚ ਛੋਟੇ ਅਤੇ ਦਰਮਿਆਨੇ ਪੌਦੇ, ਲੋਕਾਂ ਦੇ ਬੈਠਣ ਲਈ ਬੈਂਚ ਲਗਾਏ ਗਏ ਹਨ।

ਇਸ ਮੌਕੇ ਐਮ.ਐਲ.ਏ. ਨਾਜਰ ਸਿੰਘ ਮਾਨਸ਼ਾਹੀਆ, ਸੀਨੀਅਰ ਕਾਂਗਰਸੀ ਲੀਡਰ ਅਜੀਤ ਇੰਦਰ ਸਿੰਘ ਮੋਫਰ, ਪ੍ਰਧਾਨ ਨਗਰ ਕਾਊਂਸਲ ਮਾਨਸਾ ਮਨਦੀਪ ਗੋਰਾ ਅਤੇ ਹੋਰ ਪਤਵੰਤੇ ਹਾਜ਼ਰ ਸਨ।


cherry

Content Editor

Related News