ਖਜ਼ਾਨਾ ਖਾਲੀ ਹੋਣ ਦੇ ਬਾਵਜੂਦ ਕੈਪਟਨ ਤੇ ਪੰਚਾਇਤ ਮੰਤਰੀ ਨੇ ਦਿੱਤੀਆਂ ਗ੍ਰਾਂਟਾ: ਮੋਫਰ

01/15/2020 11:49:52 AM

ਮਾਨਸਾ (ਮਿੱਤਲ) - ਪਿੰਡਾਂ ਦੇ ਸਰਬ ਪੱਖੀ ਵਿਕਾਸ ਤੇ ਮੁਹਾਂਦਰਾ ਬਦਲਣ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਮਾਨਸਾ ਬਲਾਕ ਤੇ ਝੁਨੀਰ ਦੀਆਂ ਪੰਚਾਇਤਾਂ ਨੂੰ ਗ੍ਰਾਂਟਾ ਦੇ ਸੈਕਸ਼ਨ ਪੱਤਰ ਵੰਡੇ। ਇਸ ਮੌਕੇ ਮੋਫਰ ਨੇ ਕਸਬਾ ਝੁਨੀਰ ਵਿਖੇ 1 ਕਰੋੜ 67 ਲੱਖ ਅਤੇ ਮਾਨਸਾ ਦੇ ਬਲਾਕ ਵਿਖੇ 60 ਲੱਖ ਰੁਪਏ ਦੇ ਸੈਕਸ਼ਨ ਪੱਤਰ ਵੰਡੇ। ਉਨ੍ਹਾਂ ਕਿਹਾ ਕਿ ਇਹ ਰਕਮ ਭਲਕੇ ਪਿੰਡਾਂ ਦੇ ਵਿਕਾਸ ਲਈ ਜਾਰੀ ਕਰ ਦਿੱਤੀ ਗਈ ਹੈ। ਪਿੰਡਾਂ ਦੇ ਵਿਕਾਸ ਕੰਮ ਗ੍ਰਾਮ ਪੰਚਾਇਤਾਂ ਦੀ ਅਗਵਾਈ ਹੇਠ ਨੇਪਰੇ ਚਾੜ੍ਹੇ ਜਾਣਗੇ, ਜਿਨ੍ਹਾਂ ਦੀ ਦੇਖ-ਰੇਖ ਸਮੇਂ ਸਿਰ ਜਾਰੀ ਰਹੇਗੀ।

ਮੋਫਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਰਕਾਰ ਦਾ ਖਜਾਨਾ ਖਾਲੀ ਹੋਣ ਦੇ ਬਾਵਜੂਦ ਪ੍ਰਬੰਧ ਕਰਕੇ ਪਿੰਡਾਂ ਨੂੰ ਇਹ ਗ੍ਰਾਂਟ ਜਾਰੀ ਕਰਵਾਈ ਹੈ। ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਪ੍ਰਤੀ ਵਚਨਬੱਧ ਹੈ। ਇਸ ਸਰਕਾਰ ਦੀ ਅਗਵਾਈ 'ਚ ਆਉਣ ਵਾਲੇ ਸਮੇਂ 'ਚ ਪਿੰਡਾਂ ਦਾ ਵਿਕਾਸ ਜੰਗੀ ਪੱਧਰ 'ਤੇ ਜਾਰੀ ਰਹੇਗਾ। ਇਸ ਮੌਕੇ ਏ.ਡੀ.ਸੀ ਵਿਕਾਸ ਗੁਰਮੀਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦਾ ਵਿਕਾਸ ਨਵੇਂ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਇਸ ਵਾਸਤੇ ਪਿੰਡਾਂ ਦੇ ਲੋਕ ਪੰਚਾਇਤਾਂ ਅਤੇ ਜ਼ਿਲਾ ਪ੍ਰੀਸ਼ਦ ਦਾ ਸਹਿਯੋਗ ਕਰਨ ਤਾਂ ਜੋ ਪਿੰਡਾਂ ਦੇ ਵਿਕਾਸ ਨੂੰ ਤੇਜੀ ਨਾਲ ਨੇਪਰੇ ਚਾੜ੍ਹਿਆ ਜਾਵੇ। ਇਸ ਮੌਕੇ ਵਾਈਸ ਚੇਅਰਮੈਨ ਗੁਰਮੀਤ ਕੌਰ, ਚੇਅਰਮੈਨ ਅਜੈਬ ਸਿੰਘ ਚਚੋਹਰ, ਅਮਰੀਕ ਸਿੰਘ ਢਿੱਲੋਂ, ਸੱਤਪਾਲ ਵਰਮਾ, ਸਰਪੰਚ ਜਗਸੀਰ ਸਿੰਘ ਮੀਰਪੁਰ, ਸਰਪੰਚ ਗੁਰਵਿੰਦਰ ਸਿੰਘ ਪੰਮੀ ਆਦਿ ਮੌਜੂਦ ਸਨ।


rajwinder kaur

Content Editor

Related News