ਮਾਨਸਾ : 217ਵੇਂ ਦਿਨ ਵੀ ਕਾਲੇ ਕਾਨੂੰਨਾਂ ਖ਼ਿਲਾਫ਼ ਡਟੇ ਰਹੇ ਕਿਸਾਨ

05/06/2021 5:51:04 PM

ਬੁਢਲਾਡਾ (ਬਾਂਸਲ)-ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਲਾਇਆ ਲੜੀਵਾਰ ਧਰਨਾ ਅੱਜ 217ਵੇਂ ਦਿਨ ’ਚ ਦਾਖਲ ਹੋ ਗਿਆ । ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਨੇ ਹਮੇਸ਼ਾ ਕਿਰਤੀ-ਕਿਸਾਨਾਂ ਨੂੰ ਅਣਗੌਲਿਆਂ ਰੱਖਿਆ ਹੈ। ਸਰਮਾਏਦਾਰਾਂ ਦੇ ਹਿੱਤ ਹੀ ਪੂਰੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਅੰਦੋਲਨ ਭਾਰਤ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਬਦਲਾਅ ਲਿਆਵੇਗਾ ਅਤੇ ਹੁਣ ਹੁਕਮਰਾਨ ਦੇਸ਼ ਦੀ ਜਨਤਾ ਨੂੰ ਗੁੰਮਰਾਹ ਨਹੀਂ ਕਰ ਸਕਣਗੇ ।ਕਿਸਾਨ ਆਗੂਆਂ ਨੇ ਕਿਹਾ ਕਿ ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਕੇਰਲਾ ’ਚ ਭਾਜਪਾ ਦੀ ਕਰਾਰੀ ਹਾਰ ਹੋਣਾ ਅਤੇ ਯੂ. ਪੀ. ਵਿੱਚ ਪੰਚਾਇਤੀ ਚੋਣਾਂ ਵਿੱਚ ਬੀ. ਜੇ. ਪੀ. ਦਾ ਬੁਰੀ ਤਰ੍ਹਾਂ ਹਾਰਨਾ ਇਸ ਗੱਲ ਦੇ ਸੰਕੇਤ ਹਨ ਕਿ ਦੇਸ਼ ਦੇ ਲੋਕ ਭਾਜਪਾ ਦੇ ਕੁਸ਼ਾਸਨ ਤੋਂ ਤੰਗ ਆ ਚੁੱਕੇ ਹਨ ਅਤੇ ਦੇਸ਼ ਵਿੱਚੋਂ ਇਸ ਆਵਾਮ ਵਿਰੋਧੀ ਪਾਰਟੀ ਦੇ ਸਫਾਏ ਲਈ ਉਤਾਵਲੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
 

Manoj

This news is Content Editor Manoj