ਬਾਲ ਸ਼ੋਸ਼ਣ ਵਰਗੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਡੀ.ਸੀ.

09/10/2019 5:16:25 PM

ਮਾਨਸਾ(ਮਿੱਤਲ) : ਜਿਲਾ ਪ੍ਰਸ਼ਾਸਨ ਮਾਨਸਾ ਨੂੰ ਪਿਛਲੇ ਇਕ ਮਹੀਨੇ ਵਿਚ ਸਰਦੂਲਗੜ੍ਹ, ਬੁਢਲਾਡਾ ਅਤੇ ਭੀਖੀ ਬਲਾਕਾਂ ਵਿਚ ਬਾਲ ਵਿਆਹਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚ ਦੋ ਕੁੜੀਆਂ ਦੀ ਉਮਰ 17 ਸਾਲ ਅਤੇ 1 ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਬੰਧਿਤ ਐਸ.ਡੀ.ਐਮ, ਸੀ.ਡੀ.ਪੀ.ਓ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਅਤੇ ਪੁਲਸ ਵਿਭਾਗ ਦੀ ਸਾਂਝੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਨਾਬਾਲਗ ਕੁੜੀਆਂ ਦਾ ਬਚਾਅ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਤੋਂ ਸੁਰੱਖਿਆ ਪ੍ਰਦਾਨ ਕਰਵਾਈ ਗਈ। ਦੋਸ਼ੀਆਂ ਵਿਰੁੱਧ ਬਾਲ ਵਿਆਹ ਰੋਕੂ ਐਕਟ ਦੀ ਧਾਰ 9 ਅਤੇ 10,ਆਈ.ਪੀ.ਸੀ. ਦੀ ਧਾਰਾ 498,120 ਬੀ ਅਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਇਨ੍ਹਾਂ ਘਟਨਾਵਾਂ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਜ਼ਿਲੇ ਵਿਚ ਬਾਲ ਵਿਆਹ ਦੀਆਂ ਇਹ ਘਟਨਾਵਾਂ ਸਾਡੇ ਲਈ ਮੰਦਭਾਗੀ ਗੱਲ ਹੈ। ਬਾਲ ਵਿਆਹ ਕਾਨੂੰਨੀ ਅਪਰਾਧ ਹੈ ਜਿਸ ਨਾਲ ਬੱਚੇ ਦੀ ਸਰੀਰਿਕ ਅਤੇ ਮਾਨਸਿਕ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਜ਼ਿਆਦਾ ਕੇਸਾਂ ਵਿਚ ਮਾਪੇ ਹੀ ਇਸ ਲਈ ਜਿੰਮੇਵਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਇਸ ਤਰ੍ਹਾਂ ਦੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਸਮਾਜ ਵਿਚ ਬਾਲ ਵਿਆਹ ਖਿਲਾਫ਼ ਹੋਰ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਲ ਵਿਆਹ, ਬਾਲ ਮਜ਼ਦੂਰੀ, ਬਾਲ ਭਿੱਖਿਆ ਜਾਂ ਕਿਸੇ ਵੀ ਤਰ੍ਹਾਂ ਦੇ ਬਾਲ ਸ਼ੋਸਣ ਦੀ ਸ਼ਿਕਾਇਤ ਤੁਰੰਤ ਚਾਈਲਡ ਹੈਲਪ ਲਾਈਨ ਨੰਬਰ 1098 'ਤੇ ਫੋਨ ਕਰਕੇ ਦਰਜ ਕਰਵਾਈ ਜਾਵੇ।

cherry

This news is Content Editor cherry