ਪੰਜਾਬ ਜਲਦੀ ਹੀ ਤਰੱਕੀ ਤੇ ਖੁਸ਼ਹਾਲੀ ਦੇ ਰਾਹ ''ਤੇ ਹੋਵੇਗਾ : ਮਨਪ੍ਰੀਤ ਬਾਦਲ

01/19/2019 11:53:45 PM

ਚੰਡੀਗੜ੍ਹ,(ਭੁੱਲਰ)— ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਸਥਾਨਕ ਇਕ ਹੋਟਲ ਵਿਖੇ 25ਵੇਂ ਪੰਜਾਬੀ ਪ੍ਰਵਾਸੀ ਦਿਵਸ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਸਮਾਗਮ ਨੂੰ ਇੰਟਰਨੈਸ਼ਨਲ ਚੈਂਬਰ ਫਾਰ ਸਰਵਿਸ ਇੰਡਸਟਰੀ (ਆਈ. ਸੀ. ਐੱਸ. ਆਈ.) ਅਤੇ ਪੰਜਾਬ ਸਰਕਾਰ ਨੇ ਸਾਂਝੇ ਤੌਰ 'ਤੇ ਕਰਵਾਇਆ ਹੈ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਹ ਭਰੋਸਾ ਦਿਵਾਉਂਦੇ ਹਨ ਕਿ ਜਲਦੀ ਹੀ ਪੰਜਾਬ ਇਕ ਵਾਰ ਫੇਰ ਤਰੱਕੀ ਅਤੇ ਖੁਸ਼ਹਾਲੀ ਦੀਆਂ ਰਾਹਾਂ 'ਤੇ ਹੋਵੇਗਾ ਅਤੇ ਇਸ ਮਕਸਦ ਲਈ ਸਭਨਾਂ ਪੰਜਾਬੀਆਂ ਦਾ ਯੋਗਦਾਨ ਬਹੁਤ ਲੋਂੜੀਦਾ ਹੈ। ਇਕ ਪੰਜਾਬੀ ਹੋਣ ਦੇ ਨਾਤੇ ਉਹ ਚਾਹੁੰਦੇ ਹਨ ਕਿ ਸਾਡੀ ਅਗਲੀ ਪੀੜ੍ਹੀ ਖੁਸ਼ਹਾਲ ਅਤੇ ਸਿਹਤਮੰਦ ਜ਼ਿੰਦਗੀ ਜੀਵੇ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਮਾਤ ਭੂਮੀ ਦੀ ਤਨਦੇਹੀ ਨਾਲ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਸੂਬੇ ਦੀ ਖੁਸ਼ਹਾਲੀ 'ਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਇਸ ਮੌਕੇ ਉਨ੍ਹਾਂ ਆਈ. ਸੀ. ਐੱਸ. ਆਈ. ਦਾ ਇਕ ਵਿਜ਼ਨ ਡਾਕੂਮੈਂਟ ਵੀ ਜਾਰੀ ਕੀਤਾ, ਜਿਸ ਵਿਚ ਸੇਵਾ ਖੇਤਰ ਦੇ ਵਿਕਾਸ ਦਾ ਖਰੜਾ ਉਲੀਕਿਆ ਗਿਆ ਹੈ, ਜਿਸ ਨਾਲ ਕਿ ਪੰਜਾਬ ਦੀ ਵਿੱਤੀ ਹਾਲਤ 'ਚ ਸੁਧਾਰ ਹੋ ਸਕੇ ਅਤੇ ਸੂਬੇ 'ਚ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਕਰਵਾਇਆ ਜਾ ਸਕੇ। ਇਸ ਮੌਕੇ ਵਧੀਕ ਮੁੱਖ ਸਕੱਤਰ (ਗ੍ਰਹਿ) ਐੱਨ. ਐੱਸ. ਕਲਸੀ, ਪ੍ਰਮੁੱਖ ਸਕੱਤਰ (ਪ੍ਰਵਾਸੀ ਮਾਮਲੇ) ਐੱਸ. ਆਰ. ਲੱਧੜ, ਏ. ਡੀ. ਜੀ. ਪੀ. (ਐੱਨ. ਆਰ. ਆਈ. ਵਿੰਗ) ਈਸ਼ਵਰ ਸਿੰਘ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ, ਆਈ. ਸੀ. ਐੱਸ. ਆਈ. ਦੇ ਡੀ. ਜੀ. ਗੁਲਸ਼ਨ ਸ਼ਰਮਾ ਅਤੇ ਆਈ. ਸੀ. ਐੱਸ. ਆਈ. ਬੈਂਕਾਕ (ਥਾਈਲੈਂਡ) ਦੇ ਪ੍ਰਧਾਨ ਪਾਲ ਨਰੂਲਾ ਹਾਜ਼ਰ ਸਨ।