ਇੰਗਲਿਸ਼ ਚੈਨਲ ਦੀ ਕਾਰਵਾਈ ਨਾਲ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ : ਸਿਰਸਾ

10/05/2019 11:05:27 PM

ਚੰਡੀਗੜ੍ਹ,(ਅਸ਼ਵਨੀ) : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪੱਤਰਕਾਰ ਲਾਰਡ ਇੰਦਰਜੀਤ ਸਿੰਘ ਦਾ ਨਿਰਾਦਰ ਕਰਨ ਲਈ ਇਕ ਇੰਗਲਿਸ਼ ਚੈਨਲ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੱਤਰਕਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ 'ਤੇ ਇੱਕ ਪ੍ਰੋਗਰਾਮ ਪੇਸ਼ ਕਰਨ ਤੋਂ ਰੋਕ ਕੇ ਚੈਨਲ ਨੇ ਪੂਰੀ ਦੁਨੀਆ 'ਚ ਰਹਿੰਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਨੂੰ ਪ੍ਰੋਗਰਾਮ ਪੇਸ਼ ਕਰਨ ਤੋਂ ਰੋਕ ਕੇ ਚੈਨਲ ਨਾ ਇਤਿਹਾਸ ਬਦਲ ਸਕਦਾ ਹੈ ਅਤੇ ਨਾ ਹੀ ਸੱਚਾਈ। ਉਨ੍ਹਾਂ ਕਿਹਾ ਕਿ ਉਲਟਾ ਇਸ ਨਾਲ ਉਨ੍ਹਾਂ ਦੇ ਆਪਣੇ ਨਿੱਜੀ ਫਾਇਦੇ ਲਈ ਇਤਿਹਾਸ ਨੂੰ ਤੋੜਨ-ਮਰੋੜਨ ਦੇ ਏਜੰਡੇ ਦੀ ਪੋਲ ਖੁੱਲ੍ਹਦੀ ਹੈ।

ਦਿੱਲੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਸਲ 'ਚ ਪੱਤਰਕਾਰ ਲਾਰਡ ਇੰਦਰਜੀਤ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕਹਾਣੀ ਵਿਖਾਉਣਾ ਚਾਹੁੰਦਾ ਸੀ ਕਿ ਕਿਸ ਤਰ੍ਹਾਂ ਉਹ ਮੁਸਲਮਾਨ ਹਾਕਮਾਂ ਦੇ ਅੱਤਿਆਚਾਰਾਂ ਅਤੇ ਜਬਰੀ ਧਰਮ ਪਰਿਵਰਤਨ ਵਿਰੁੱਧ ਲੜੇ ਸਨ। ਉਨ੍ਹਾਂ ਕਿਹਾ ਕਿ ਇਸ ਕੇਸ 'ਚ ਚੈਨਲ ਦੀ ਹਰਕਤ ਨੇ ਇਸ ਦੀ ਭਰੋਸੇਯੋਗਤਾ ਅਤੇ ਨਿਰਪੱਖਤਾ ਦੀ ਪੋਲ ਖੋਲ੍ਹ ਦਿੱਤੀ ਹੈ। ਸਿਰਸਾ ਨੇ ਕਿਹਾ ਕਿ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਹੋਣੀ ਚਾਹੀਦੀ ਹੈ ਅਤੇ ਸਿੱਖ ਮੰਗ ਕਰਦੇ ਹਨ ਕਿ ਮੀਡੀਆ ਹਾਊਸ ਤੁਰੰਤ ਲਾਰਡ ਸਿੰਘ ਕੋਲੋਂ ਮੁਆਫੀ ਮੰਗੇ ਨਹੀਂ ਤਾਂ ਸਾਰੇ ਸਿੱਖ ਭਾਈਚਾਰੇ ਵਲੋਂ ਇਸ ਚੈਨਲ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਜਾਵੇਗਾ।


Related News