ਲਾਧੂਕਾ ਮਾਈਨਰ ’ਚ ਪਿਆ ਪਾੜ, 60 ਏਕੜ ਸਿੱਧਾ ਬਿਜਾਈ ਕੀਤਾ ਝੋਨਾ ਬਰਬਾਦ

06/16/2021 12:32:53 PM

ਮੰਡੀ ਲਾਧੂਕਾ  (ਸੰਧੂ): ਹਲਕੇ ਦੇ ਪਿੰਡ ਭੰਬਾਵੱਟੂ ਉਤਾੜ ਨੇੜੇ ਲੰਘਦੀ ਲਾਧੂਕਾ ਮਾਇਨਰ ਬੀਤੀ ਰਾਤ ਬੁਰਜੀ ਨੰਬਰ-154 ਤੋਂ ਪਾਣੀ ਦਾ ਵਹਾਅ ਨਾ ਝੱਲਦੇ ਹੋਏ ਤਿੰਨ ਥਾਵਾਂ ਤੋਂ ਟੁੱਟ ਗਈ। ਮਾਇਨਰ ਦੇ ਟੁੱਟਣ ਨਾਲ ਆਸ-ਪਾਸ ਕਿਸਾਨਾਂ ਵਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਲਗਭਗ 50-60 ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ। ਉਧਰ ਮਾਇਨਰ ਦੇ ਟੁੱਟਣ ਦੀ ਸੂਚਨਾ ਤੋਂ ਬਾਅਦ ਤੜਕਸਾਰ ਕਿਸਾਨ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਸਬੰਧੀ ਨਹਿਰੀ ਵਿਭਾਗ ਨੂੰ ਸੂਚਿਤ ਕੀਤਾ। ਇਥੇ ਦੱਸਣਯੋਗ ਹੈ ਕਿ ਲਾਧੂਕਾ ਮਾਇਨਰ ਹਰ ਸਾਲ ਹੀ ਸੀਜ਼ਨ ਦੌਰਾਨ ਇਸ ਥਾਂ ਤੋਂ ਟੁੱਟ ਜਾਂਦੀ ਹੈ। ਕਿਸਾਨ ਵਾਰ-ਵਾਰ ਦੁਹਾਈ ਦਿੰਦੇ ਹਨ ਕਿ ਮਾਇਨਰ ’ਚ ਪਾਣੀ ਛੱਡਣ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਸਫ਼ਾਈ ਕਰਵਾ ਦਿੱਤੀ ਜਾਵੇ ਪਰ ਵਿਭਾਗ ਵਲੋਂ ਗੰਭੀਰਤਾ ਨਹੀਂ ਦਿਖਾਈ ਜਾਂਦੀ ਅਤੇ ਥੋੜੀ ਬਹੁਤ ਸਫ਼ਾਈ ਕਰਵਾ ਕੇ ਟਾਇਮ ਟਪਾ ਲਿਆ ਜਾਂਦਾ ਹੈ ਜਦਕਿ ਦੂਜੇ ਪਾਸੇ ਇਸ ਖਾਮਿਆਜਾ ਕਿਸਾਨਾਂ ਨੂੰ ਭੁਗਤਨਾ ਪੈਂਦਾ ਹੈ।  

ਜਾਣਕਾਰੀ ਦਿੰਦੇ ਹੋਏ ਕਿਸਾਨ ਸੁਖਵਿੰਦਰ ਸਿੰਘ, ਹਰਦੀਪ ਸਿੰਘ, ਰਾਜ ਕੁਮਾਰ, ਪਵਨ ਕੁਮਾਰ, ਤਾਰਾ ਸਿੰਘ, ਜਰਨੈਲ ਸਿੰਘ, ਚੰਨ ਸਿੰਘ ਨੇ ਦੱਸਿਆ ਕਿ ਹਰ ਸਾਲ ਲਾਧੂਕਾ ਮਾਇਨਰ ਇਸ ਥਾਂ ਤੋਂ ਟੁੱਟ ਜਾਂਦੀ ਹੈ ਅਤੇ ਹਰ ਵਾਰ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਕਿਸਾਨਾਂ ਨੇ  ਦੱਸਿਆ ਕਿ ਪਾਣੀ ਛੱਡਣ ਤੋਂ ਪਹਿਲਾਂ ਮਾਇਨਰ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ ਜਾਂਦੀ ਅਤੇ ਜਦੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਮਾਇਨਰ ਟੁੱਟਣ ਦਾ ਕਾਰਣ ਬਣਦੀ ਹੈ। ਕਿਸਾਨਾਂ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਮੁਤਾਬਕ ਪਾਣੀ ਦੀ ਬੱਚਤ ਲਈ ਉਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਮਾਇਨਰ ਟੁੱਟਣ ਕਾਰਣ ਉਨ੍ਹਾਂ ਦਾ ਝੋਨਾ ਬਿਲਕੁਲ ਬਰਬਾਦ ਹੋ ਗਿਆ। ਜਿਸ ਨਾਲ ਉਨ੍ਹਾਂ ਦਾ ਕਰੀਬ 6-7 ਹਜ਼ਾਰ ਪ੍ਰਤੀ ਏਕੜ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਨੂੰ ਦੋਬਾਰਾ ਫਿਰ ਝੋਨੇ ਦੀ ਬਿਜਾਈ ਕਰਨੀ ਪਵੇਗੀ। ਇਸ ਤੋਂ ਇਲਾਵਾ ਝੋਨੇ ਪਨੀਰੀ ਵੀ ਮੁੱਲ ਲੈਣ ਲਈ ਉਨ੍ਹਾਂ ਨੂੰ ਦੋ ਚਾਰ ਹੋਣਾ ਪਵੇਗਾ।

ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਨਹਿਰ ਟੁੱਟਣ ਕਾਰਣ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ। ਉਧਰ ਇਸ ਸਬੰਧੀ ਜਦੋਂ ਐਕਸੀਈਐਨ ਜਗਤਾਰ ਸਿਘ  ਨੂੰ ਫੋਨ ਕੀਤਾ ਗਿਆ ਤਾਂ ਵਾਰ-ਵਾਰ ਫੋਨ ਕਰਨ ਤੇ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਜਦੋਂ ਐੱਸ.ਡੀ.ਓ. ਸੁਨੀਲ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪਾਣੀ ਦੀ ਅਜੇ ਡਿਮਾਂਡ ਨਹੀਂ ਪਰ ਪਤਾ ਨਹੀਂ ਮਾਇਨਰ ਵਿੱਚ ਪਾਣੀ ਕਿਸ ਤਰ੍ਹਾਂ ਛੱਡਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਾਇਨਰ ਦਾ ਪਾਣੀ ਪਿੱਛੋਂ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਮਾਇਨਰ ਨੂੰ ਜੋੜਣ ਦਾ ਕੰਮ ਕੀਤਾ ਜਾਵੇਗਾ। ਸਫਾਈ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵਲੋਂ 160 ਨੰਬਰ ਬੁਰਜੀ ਤੱਕ ਸਫਾਈ ਕਰਵਾ ਦਿੱਤੀ ਗਈ ਸੀ।


Shyna

Content Editor

Related News