ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

12/24/2019 12:25:25 AM

ਜ਼ੀਰਕਪੁਰ, (ਮੇਸ਼ੀ)— ਦੂਜੇ ਦਿਨ ਵੀ ਲਗਾਤਾਰ ਸੰਘਣੀ ਧੁੰਦ ਕਾਰਨ ਜ਼ੀਰਕਪੁਰ ਵਿਖੇ ਪਟਿਆਲਾ ਮਾਰਗ 'ਤੇ ਏਅਰ ਪੋਰਟ ਦੀਆਂ ਲਾਈਟਾਂ 'ਤੇ ਟ੍ਰੈਫਿਕ ਪੁਲਸ ਦੇ ਚੌਕ 'ਚ ਬਣੇ ਬੂਥ ਨੂੰ ਢਾਹੁੰਦੇ ਹੋਏ ਇਕ ਟਰੱਕ ਤੇ ਕਾਰ ਵਿਚਕਾਰ ਹੋਈ ਟੱਕਰ 'ਚ ਕਾਰ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਲੋਕਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਸਥਿਤ ਛੱਤ ਲਾਈਟਾਂ 'ਤੇ ਇਕ ਟਰੱਕ ਤੇ ਮਹਿੰਦਰਾ ਐਕਸ. ਯੂ. ਵੀ. ਕਾਰ ਵਿਚ ਅਚਾਨਕ ਜਬਰਦਸ਼ਤ ਟੱਕਰ ਹੋ ਗਈ, ਜਿਸ ਨੂੰ ਦੀਪਕ ਪੁੱਤਰ ਰਾਮ ਚੰਦ ਉਮਰ ਕਰੀਬ 39 ਸਾਲ, ਨਿਵਾਸੀ ਗੁਰਦੁਆਰਾ ਰੋਡ ਰਾਜਪੁਰਾ ਚਲਾ ਰਿਹਾ ਸੀ। ਜ਼ਖਮੀ ਹੋਇਆ ਨੌਜਵਾਨ ਹਾਦਸੇ ਤੋਂ ਬਾਅਦ ਹਾਦਸਾਗ੍ਰਸਤ ਹੋਈ ਗੱਡੀ 'ਚ ਕਰੀਬ ਡੇਢ ਘੰਟੇ ਤਕ ਤੜਫਦਾ ਰਿਹਾ, ਪਰ ਜ਼ਖਮੀ ਨੂੰ ਚੁੱਕਣ ਲਈ ਕੋਈ ਵੀ ਐਂਬੂਲੈਂਸ ਨਾ ਪੁੱਜੀ ਤਾਂ ਰਾਹਗੀਰਾਂ ਨੇ ਗੰਭੀਰ ਹਾਲਤ 'ਚ ਜ਼ਖਮੀ ਨੂੰ ਸੈਕਟਰ 32 ਦੇ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੰਘਣੀ ਧੁੰਦ ਦੇ ਬਾਵਜੂਦ ਦੋਵੇਂ ਗੱਡੀਆਂ ਤੇਜ਼ ਰਫਤਾਰ 'ਚ ਸਨ। ਇਸ ਮਾਰਗ 'ਤੇ ਜ਼ਿਆਦਾ ਧੁੰਦ ਹੋਣ ਕਰਕੇ ਇਕ ਦੂਜੇ ਨੂੰ ਦੇਖ ਨਹੀਂ ਸਕੇ, ਜਿਸ ਕਰਕੇ ਹੀ ਹਾਦਸਾ ਵਾਪਰਿਆ ਹੈ। ਹਾਦਸੇ ਤੋਂ ਕਾਫੀ ਦੇਰ ਤਕ ਨਾ ਪੁਲਸ ਅਤੇ ਨਾ ਹੀ ਕੋਈ ਪੀ. ਸੀ. ਆਰ. ਤੇ ਐਂਬੂਲੈਂਸ ਪਹੁੰਚੀ। ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੜੀ ਮੁਸ਼ਕਲ ਨਾਲ ਕਾਰ ਅੰਦਰ ਫਸੇ ਜ਼ਖਮੀ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

KamalJeet Singh

This news is Content Editor KamalJeet Singh