ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

02/25/2020 9:06:16 PM

ਕੁਰਾਲੀ, (ਬਠਲਾ)— ਸ਼ਹਿਰ ਦੇ ਚੰਡੀਗੜ੍ਹ ਰੋਡ 'ਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਸਾਹਮਣੇ ਇਕ ਤੇਜ਼ ਰਫਤਾਰ ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਇਕ ਰਾਹਗੀਰ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪਰਵਿੰਦਰ ਕੁਮਾਰ (57) ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਪਰਵਿੰਦਰ ਸਿੰਘ ਵਾਸੀ ਝਿੰਗੜਾ ਇਕ ਸਰਵਿਸ ਸਟੇਸ਼ਨ 'ਤੇ ਗੱਡੀਆਂ ਧੋਣ ਦਾ ਕੰਮ ਕਰਦਾ ਸੀ। ਰਾਤ ਕਰੀਬ 7 ਵਜੇ ਉਹ ਸੜਕ ਪਾਰ ਕਰ ਕੇ ਦੁਕਾਨ ਲਈ ਕੋਈ ਸਾਮਾਨ ਲੈਣ ਗਿਆ ਸੀ ਕਿ ਅਚਾਨਕ ਇਕ ਖਰੜ ਵੱਲੋਂ ਤੇਜ਼ ਰਫਤਾਰ ਆਉਂਦੇ ਮੋਟਰਸਾਈਕਲ ਸਵਾਰ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਪਰਵਿੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ। ਮੌਕੇ 'ਤੇ ਇਕੱਤਰ ਹੋਏ ਲੋਕਾਂ ਅਤੇ ਸਰਵਿਸ ਸਟੇਸ਼ਨ ਦੇ ਮਾਲਕ ਨੇ ਉਸ ਨੂੰ ਜ਼ਖਮੀ ਹਾਲਤ 'ਚ ਨੇੜੇ ਦੇ ਸਿਵਲ ਹਸਪਤਾਲ ਕੁਰਾਲੀ ਵਿਖੇ ਪਹੁੰਚਾਇਆ ਜਿਥੇ ਉਸ ਨੂੰ ਮੁੱਢਲੇ ਇਲਾਜ ਮਗਰੋਂ ਹਾਲਤ ਗੰਭੀਰ ਦੇਖਦੇ ਹੋਏ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ, ਜਿਥੇ ਉਸ ਦੀ ਇਲਾਜ ਦੌਰਾਨ ਸਵੇਰੇ ਮੌਤ ਹੋ ਗਈ। ਮ੍ਰਿਤਕ ਪਰਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਪੁੱਤਰ ਅਤੇ ਇਕ ਲੜਕੀ ਛੱਡ ਗਿਆ ਹੈ। ਪੁਲਸ ਥਾਣਾ ਸਿਟੀ ਵਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

KamalJeet Singh

This news is Content Editor KamalJeet Singh