ਸ਼ੱਕੀ ਹਾਲਾਤ ''ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

05/25/2020 9:03:48 PM

ਲੁਧਿਆਣਾ, (ਜ.ਬ.)— ਥਾਣਾ ਦਰੇਸੀ ਦੇ ਇਲਾਕੇ ਸੇਖੇਵਾਲ ਰੋਡ ਸਥਿਤ ਇਕ ਘਰ 'ਚ ਨੌਜਵਾਨ ਨੇ ਸ਼ੱਕੀ ਹਾਲਾਤ 'ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਵੀਰ ਕੁਮਾਰ (23) ਵਜੋਂ ਹੋਈ ਹੈ। ਮ੍ਰਿਤਕ ਦੇ ਚਾਚਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਵੀਰ ਮਾਰਕੀਟਿੰਗ ਦੀ ਨੌਕਰੀ ਕਰਦਾ ਸੀ। ਬੀਤੀ ਰਾਤ ਖਾਣਾ ਖਾ ਕੇ ਉਹ ਸੌਣ ਲਈ ਚਲਾ ਗਿਆ। ਐਤਵਾਰ ਸਵੇਰੇ ਕਰੀਬ 9 ਵਜੇ ਵੀਰ ਕਮਰੇ 'ਚੋਂ ਬਾਹਰ ਨਾ ਨਿਕਲਿਆ ਤਾਂ ਪਰਿਵਾਰ ਵਾਲਿਆਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ। ਖਿੜਕੀ 'ਚੋਂ ਝਾਕਣ 'ਤੇ ਦੇਖਿਆ ਕਿ ਫਾਹੇ ਨਾਲ ਵੀਰ ਦੀ ਲਾਸ਼ ਲਟਕ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਤੋੜਿਆ ਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੂੰ ਮੌਕੇ 'ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਵੀਰ ਆਮ ਕਰ ਕੇ ਇਲਾਕੇ ਦੇ ਨੌਜਵਾਨਾਂ ਨਾਲ ਕ੍ਰਿਕਟ ਖੇਡਿਆ ਕਰਦਾ ਸੀ। ਕਿਨ੍ਹਾਂ ਕਾਰਨਾਂ ਕਰ ਕੇ ਦੁਖੀ ਹੋ ਕੇ ਵੀਰ ਨੇ ਖੁਦਕੁਸ਼ੀ ਕੀਤੀ ਹੈ, ਇਸ ਗੱਲ ਦਾ ਰਹੱਸ ਬਣਿਆ ਹੋਇਆ ਹੈ। ਹਾਲ ਦੀ ਘੜੀ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ।


KamalJeet Singh

Content Editor

Related News