ਰਾਤੋ-ਰਾਤ ਰਕਮ 70 ਗੁਣਾ ਕਰਨ ਵਾਲਾ ਸਮਰਾਲਾ ਦਾ ਸੱਟਾ ਕਿੰਗ ਗ੍ਰਿਫ਼ਤਾਰ

09/11/2021 11:27:49 AM

ਸਮਰਾਲਾ (ਗਰਗ) : ਸਥਾਨਕ ਪੁਲਸ ਨੇ ਇਲਾਕੇ ਦੇ ਇੱਕ ਵੱਡੇ ਸੱਟਾ ਕਿੰਗ ਸੁਨੀਲ ਕੁਮਾਰ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਸੱਟੇ ਦੀ ਰਕਮ ਅਤੇ ਪਰਚੀਆਂ ਬਰਾਮਦ ਕੀਤੀਆਂ ਹਨ। ਸ਼ਹਿਰ ਦੇ ਡੱਬੀ ਬਜ਼ਾਰ ਇਲਾਕੇ ਦਾ ਰਹਿਣ ਵਾਲਾ ਇਹ ਸੱਟਾ ਕਿੰਗ ਲੰਬੇ ਸਮੇਂ ਤੋਂ ਇਹ ਧੰਦਾ ਕਰਦਾ ਆ ਰਿਹਾ ਸੀ। ਉਹ ਭੋਲੇ-ਭਾਲੇ ਅਤੇ ਗਰੀਬ ਲੋਕਾਂ ਨੂੰ ਸੱਟੇ ਦੇ ਨਾਂ ’ਤੇ ਇੱਕ ਰਾਤ ਵਿੱਚ ਰਕਮ 70 ਗੁਣਾ ਕਰਨ ਦਾ ਝਾਂਸਾ ਦਿੰਦਾ ਹੋਇਆ ਇਹ ਖੇਡ ਖੇਡਦਾ ਸੀ।

ਸਮਰਾਲਾ ਪੁਲਸ ਨੂੰ ਇਸ ਸਖਸ਼ ਬਾਰੇ ਇਤਲਾਹ ਮਿਲੀ ਸੀ ਕਿ ਸੁਨੀਲ ਕੁਮਾਰ ਉਰਫ਼ ਸੰਨੀ ਪੁੱਤਰ ਜੋਗਿੰਦਰਪਾਲ ਸ਼ਰਮਾ ਵਾਸੀ ਨੇੜੇ ਸ਼ਿਵ ਮੰਦਿਰ ਢਿੱਲੋਂ ਮੁਹੱਲਾ ਸ਼ਰੇਆਮ ਬਜ਼ਾਰ ਵਿੱਚ ਲੋਕਾਂ ਨੂੰ 1 ਰੁਪਏ ਦੇ ਬਦਲੇ 70 ਰੁਪਏ ਦੇਣ ਦਾ ਝਾਂਸਾ ਦੇ ਕੇ ਸੱਟੇ ਦੀਆਂ ਪਰਚੀਆਂ ਲਿਖ ਰਿਹਾ ਹੈ। ਇਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕਥਿਤ ਦੋਸ਼ੀ ਪਾਸੋਂ ਪੁਲਸ ਨੇ ਸੱਟੇ ਦੀ ਰਕਮ ਅਤੇ ਪਰਚੀਆਂ ਬਰਾਮਦ ਕਰਕੇ ਉਸ ਦੇ ਖ਼ਿਲਾਫ਼ ਜੂਆ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।  
 


Babita

Content Editor

Related News