ਔਲਾਦ ਨਾ ਹੋਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹਾ

10/18/2018 1:12:32 PM

ਮਲੋਟ (ਜੁਨੇਜਾ) - ਉਪ ਮੰਡਲ ਦੇ ਪਿੰਡ ਝੌਰੜ ਵਿਖੇ ਔਲਾਦ ਨਾ ਹੋਣ ਕਾਰਨ ਪ੍ਰੇਸ਼ਾਨ 22 ਸਾਲਾਂ ਦੇ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 2 ਸਾਲ ਪਹਿਲਾਂ ਸੋਮ ਸਿੰਘ ਪੁੱਤਰ ਛੋਟੂ ਸਿੰਘ ਨਾਲ ਹੋਇਆ ਸੀ। ਉਸ ਦਾ ਪਤੀ ਡੇਅਰੀ 'ਤੇ ਸੈਕਟਰੀ ਵਜੋਂ ਕੰਮ ਕਰਦਾ ਸੀ ਅਤੇ ਉਸ ਦਾ ਸਹੁਰਾ ਰਿਟਾ. ਬੇਲਦਾਰ ਸੀ। ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਪੇਕੇ ਪਿੰਡ ਮੋਹਲਾਂ ਵਿਖੇ ਗਈ ਹੋਈ ਸੀ। 

ਉਸ ਨੇ ਦੱਸਿਆ ਕਿ ਉਸ ਦੀ ਕੱਲ ਹੀ ਉਸ ਦੇ ਪਤੀ ਸਾਗਰ ਨਾਲ ਗੱਲ ਹੋਈ ਸੀ ਕਿ ਉਹ ਆ ਕੇ ਉਸ ਨੂੰ ਲੈ ਜਾਵੇ ਪਰ ਬੀਤੇ ਦਿਨ ਸਵੇਰ ਦੇ ਸਮੇਂ ਉਸ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਅਮਨਦੀਪ ਕੌਰ ਅਨੁਸਾਰ ਵਿਆਹ ਦੇ 2 ਸਾਲ ਬਾਅਦ ਵੀ ਔਲਾਦ ਨਾ ਹੋਣ ਕਾਰਨ ਉਸ ਦਾ ਪਤੀ ਪ੍ਰੇਸ਼ਾਨ ਰਹਿੰਦਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਸਦਰ ਮਲੋਟ ਦੀ ਪੁਲਸ ਨੇ ਕਾਰਵਾਈ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਮ੍ਰਿਤਕ ਵੱਲੋਂ ਫਾਹਾ ਲੈਣ ਤੋਂ ਬਾਅਦ, ਜਿਸ ਹਾਲਤ 'ਚ ਗੋਡੇ ਭਾਰ ਬੈੱਡ 'ਤੇ ਬੈਠੇ ਹਾਲਤ 'ਚ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਉਸ ਕਰਕੇ ਫਾਹ ਲੈਣ ਬਾਰੇ ਲੋਕਾਂ 'ਚ ਸ਼ੱਕ ਸੀ।