ਮਾਮਲਾ ਸਫਾਈ ਸੇਵਕ ਦੀ ਕੁੱਟਮਾਰ ਦਾ, ਕਰਮਚਾਰੀਆਂ ਵਲੋਂ ਸਿਟੀ ਥਾਣੇ ਦੇ ਬਾਹਰ ਪ੍ਰਦਰਸ਼ਨ

02/19/2020 4:11:55 PM

ਮਲੋਟ (ਜੁਨੇਜਾ) - ਬੀਤੀ ਸ਼ਾਮ ਪਲਾਟ ’ਚ ਕੂੜਾ ਸੁੱਟਣ ਦੇ ਮਾਮਲੇ ’ਤੇ ਸਫਾਈ ਸੇਵਕ ਦੀ ਮਾਰਕੁੱਟ ਕਰਨ ਦਾ ਮਾਮਲਾ ਅੱਜ ਦੂਜੇ ਦਿਨ ਵੀ ਭੱਖਿਆ ਰਿਹਾ। ਸਫਾਈ ਸੇਵਕ ਦੀ ਮਾਰਕੁੱਟ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਨੂੰ ਲੈ ਕੇ ਮਲੋਟ ਸਫਾਈ ਸੇਵਕ ਯੂਨੀਅਨ ਵਲੋਂ ਸਿਟੀ ਥਾਣੇ ਦੇ ਬਾਹਰ ਧਰਨਾ ਲੱਗਾ ਰੋਸ ਪ੍ਰਦਰਸ਼ਨ ਕੀਤਾ ਗਿਆ। ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਕੁਮਾਰ, ਰਾਜ ਕੁਮਾਰ ਚੈਅਰਮੈਨ, ਕਾਲਾ ਰਾਮ ਗਿੱਲ ਵਾਈਸ ਪ੍ਰਧਾਨ ਆਦਿ ਦੀ ਅਗਵਾਈ ’ਚ ਇਕੱਠੇ ਹੋਏ ਸਫਾਈ ਸੇਵਕਾਂ ਨੇ ਨਾਅਰੇਬਾਜ਼ੀ ਕਰਕੇ ਮੰਗ ਕੀਤੀ ਕਿ ਤਾਰਾ ਚੰਦ ਦੀ ਕੁੱਟਮਾਰ ਕਰਨ ਵਾਲੇ ਪਿਉ-ਪੁੱਤ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਹੋਰ ਤੇਜ਼ ਕਰਨਗੇ। 

ਪ੍ਰਦਰਸ਼ਨ ਦੌਰਾਨ ਗੁੱਸੇ ’ਚ ਆਏ ਸਫਾਈ ਸੇਵਕਾਂ ਨੇ ਪਿਉ-ਪੁੱਤ ਦੇ ਘਰ ਅੱਗੇ ਕੂੜੇ ਦਾ ਢੇਰ ਲੱਗਾ ਦਿੱਤਾ। ਉਧਰ ਥਾਣੇ ਅੰਦਰ ਦੂਜੀ ਧਿਰ ਦੇ ਹਰਵਿੰਦਰਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਫਾਈ ਸੇਵਕ ਦੀ ਕੁੱਟਮਾਰ ਕਰਕੇ ਅਸੀਂ ਗਲਤੀ ਕੀਤੀ ਪਰ ਉਕਤ ਲੋਕਾਂ ਨੇ ਵੀ ਬਾਅਦ ’ਚ ਸਾਡੀ ਪੱਗ ਉਤਾਰੀ ਸੀ ਅਤੇ ਸਾਨੂੰ ਥਾਣੇ ਲਿਆਂਦਾ। ਦੂਜੇ ਪਾਸੇ ਇਸ ਮੁੱਦੇ ’ਤੇ ਸ਼ਹਿਰ ਦੇ ਕੁਝ ਮੋਹਤਬਾਰ ਵਿਅਕਤੀ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਰਕੇ ਪੁਲਸ ਵਲੋਂ ਢਿੱਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਸੁਖਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਜ਼ਖਮੀ ਤਾਰ ਚੰਦ ਦੇ ਬਿਆਨ ਲੈ ਲਏ ਹਨ, ਜਿਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।


rajwinder kaur

Content Editor

Related News