'ਮਲੇਰਕੋਟਲਾ 'ਚ 3 ਦਿਨ ਨਹੀਂ ਬਲਕਿ 2 ਦਿਨ ਕੀਤੀ ਜਾਵੇਗੀ ਤਾਲਾਬੰਦੀ'

07/01/2020 9:37:26 PM

ਸੰਗਰੂਰ, (ਵਿਜੈ ਸਿੰਗਲਾ)- ਡਿਪਟੀ ਕਮਿਸ਼ਨਰ ਰਾਮਵੀਰ ਨੇ ਅੱਜ ਮਿਸ਼ਨ ਫ਼ਤਿਹ ਨੂੰ ਜ਼ਮੀਨੀ ਪੱਧਰ 'ਤੇ ਸਫ਼ਲ ਬਣਾਉਣ ਲਈ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਆਪੋਂ-ਆਪਣੀਆਂ ਸਬ ਡਵੀਜ਼ਨਾਂ 'ਚ ਵਧੇਰੇ ਚੌਕਸੀ ਵਰਤਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਮਨੋਬਲ ਉੱਚਾ ਚੁੱਕਣ ਲਈ ਰੋਜ਼ਾਨਾ ਦੇ ਪੱਧਰ 'ਤੇ ਮਰੀਜ਼ਾਂ ਨਾਲ ਮੋਬਾਇਲ 'ਤੇ ਗੱਲਬਾਤ ਕੀਤੀ ਜਾਵੇ ਅਤੇ ਸਿਹਤ ਦਾ ਜਾਇਜ਼ਾ ਲਿਆ ਜਾਵੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਸਮੇਤ ਜ਼ਿਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਕੇਅਰ ਸੈਂਟਰ ਘਾਬਦਾਂ ਅਤੇ ਮਲੇਰਕੋਟਲਾ ਆਈਸੋਲੇਸ਼ਨ ਕੇਂਦਰ ਵਿਖੇ ਡਾਕਟਰ ਅਤੇ ਸਟਾਫ਼ ਨਿਯਮਤ ਤੌਰ 'ਤੇ ਦੌਰਾ ਕਰਨਾ ਯਕੀਨੀ ਬਣਾਉਣ ਅਤੇ ਹਰੇਕ ਮਰੀਜ਼ ਦੀ ਸਿਹਤ 'ਤੇ ਤਿੱਖੀ ਨਜ਼ਰ ਰੱਖੀ ਜਾਵੇ ।

ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਜਿਹੜੇ ਮਰੀਜ਼ ਘਰਾਂ ਵਿੱਚ ਇਕਾਂਤਵਾਸ ਪ੍ਰਕਿਰਿਆ ਪੂਰੀ ਕਰ ਰਹੇ ਹਨ ਉਨ੍ਹਾਂ ਦੀ ਵੀ ਨਿਗਰਾਨੀ ਕੀਤੀ ਜਾਵੇ ਕਿ ਉਹ ਕਿਸੇ ਵੀ ਹਾਲਤ ਵਿੱਚ ਇਕਾਂਤਵਾਸ ਨੂੰ ਭੰਗ ਨਾ ਕਰਨ ਅਤੇ ਚੌਕਸੀ ਟੀਮਾਂ ਲਗਾਤਾਰ ਇਸ ਦੀ ਰਿਪੋਰਟਿੰਗ ਕਰਨ ਨੂੰ ਯਕੀਨੀ ਬਣਾਉਣ। ਰਾਮਵੀਰ ਨੇ ਕਿਹਾ ਕਿ ਸਿਹਤ ਸਬੰਧੀ ਸਲਾਹਾਂ ਦੀ ਉਲੰਘਣਾ ਨੂੰ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਯੋਜਨਾਬੱਧ ਢੰਗ ਨਾਲ ਹਰੇਕ ਦਿਸ਼ਾ ਨਿਰਦੇਸ਼ ਦੀ ਪਾਲਣਾ ਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਲਾਜ਼ਮੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਲੇਰਕੋਟਲਾ ਵਿਖੇ ਤਾਲਾਬੰਦੀ ਦਾ ਵਧੀਆ ਅਸਰ ਦੇਖਣ ਨੂੰ ਮਿਲਿਆ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਮਲੇਰਕੋਟਲਾ ਵਿਖੇ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਲੇਰਕੋਟਲਾ ਵਿਖੇ ਦੋ ਦਿਨਾਂ ਲਈ ਮੁੜ ਲਾਕਡਾਊਨ ਲਗਾਇਆ ਜਾਵੇਗਾ। ਉਨ੍ਹਾਂ ਮਲੇਰਕੋਟਲਾ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਲਾਕਡਾਊਨ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਟੈਸਟਾਂ ਦੀ ਸਥਿਤੀ, ਲਏ ਗਏ ਸੈਂਪਲਾਂ ਦੇ ਬਕਾਇਆ ਨਤੀਜਿਆਂ, ਬਾਹਰੋਂ ਆਉਣ ਵਾਲੇ ਲੋਕਾਂ ਨੂੰ ਸੰਸਥਾਗਤ ਇਕਾਂਤਵਾਸ ਭੇਜਣ ਅਤੇ ਪਾਜ਼ੀਟਿਵ ਪਾਏ ਜਾਣ ਦੀ ਸੂਰਤ ਵਿੱਚ ਆਈਸੋਲੇਸ਼ਨ ਕੇਂਦਰਾਂ ਵਿਖੇ ਤਬਦੀਲ ਕਰਨ, ਸਿਹਤਯਾਬ ਹੋ ਚੁੱਕੇ ਮਰੀਜਾਂ ਆਦਿ ਸਬੰਧੀ ਜਾਇਜ਼ਾ ਵੀ ਲਿਆ। ਮੀਟਿੰਗ ਦੌਰਾਨ ਐਸ.ਡੀ.ਐਮ ਬਬਨਦੀਪ ਸਿੰਘ ਵਾਲੀਆ, ਐਸ.ਡੀ.ਐਮ ਭਵਾਨੀਗੜ੍ਹ ਅੰਕੁਰ ਮਹਿੰਦਰੂ, ਐਸ.ਡੀ.ਐਮ ਧੂਰੀ ਲਤੀਫ਼ ਅਹਿਮਦ, ਐਸ.ਡੀ.ਐਮ ਦਿੜ੍ਹਬਾ ਮਨਜੀਤ ਸਿੰਘ, ਐਸ.ਡੀ.ਐਮ ਸੁਨਾਮ ਮਨਜੀਤ ਕੌਰ, ਐਸ.ਡੀ.ਐਮ ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ, ਸਹਾਇਕ ਸਿਵਲ ਸਰਜਨ ਡਾ. ਮਹੇਸ਼ ਅਹੂਜਾ, ਜ਼ਿਲ੍ਹਾ ਐਪੀਡੋਮੋਲਿਜਸਟ ਡਾ. ਉਪਾਸਨਾ ਅਤੇ ਡਾ. ਸਨਵੀਰ, ਡੀ.ਐਸ.ਪੀ ਮੋਹਿਤ ਅਗਰਵਾਲ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।


Deepak Kumar

Content Editor

Related News