ਚੰਗਾਲੀਵਾਲਾ ਮਾਮਲਾ : ਲੋਕਾਂ ਨੇ ਲਹਿਰਾ-ਸੁਨਾਮ ਮੁੱਖ ਸੜਕ ਕੀਤੀ ਜਾਮ

11/17/2019 9:21:03 PM

ਲਹਿਰਾਗਾਗਾ, (ਗਰਗ)— ਪਿਛਲੇ ਦਿਨੀਂ ਨਜ਼ਦੀਕੀ ਪਿੰਡ ਚੰਗਾਲੀਵਾਲਾ ਦੇ ਦਲਿਤ ਪਰਿਵਾਰ ਨਾਲ ਸਬੰਧਤ ਨੌਜਵਾਨ ਜਗਮੇਲ ਸਿੰਘ 'ਤੇ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਭਾਰੀ ਤਸ਼ੱਦਦ ਕਰਨ, ਪਾਣੀ ਦੀ ਥਾਂ ਪੇਸ਼ਾਬ ਪਿਆਉਣ, ਇਲਾਜ ਦੌਰਾਨ ਲੱਤਾਂ ਕੱਟਣ ਦੇ ਬਾਵਜੂਦ ਮੌਤ ਹੋ ਗਈ ਸੀ। ਇਸ ਭਿਆਨਕ ਕਾਂਡ ਦੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਦਲਿਤ ਵਰਗ ਦੀਆਂ ਵੱਖ-ਵੱਖ ਜਥੇਬੰਦੀਆਂ ਪੀੜਤ ਪਰਿਵਾਰ ਸੰਘਰਸ਼ ਕਮੇਟੀ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੋਂ ਇਲਾਵਾ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਲਹਿਰਾ-ਸੁਨਾਮ ਮੁੱਖ ਸੜਕ 'ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰਦਿਆਂ ਪਰਿਵਾਰ ਨੂੰ ਯੋਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।

ਧਰਨੇ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੋਂ ਇਲਾਵਾ ਆਪ ਆਗੂ ਅਮਨ ਅਰੋੜਾ ਅਤੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਆ ਕੇ ਪਰਿਵਾਰ ਲਈ ਸਰਕਾਰੀ ਸਹਾਇਤਾ ਅਤੇ ਨੌਕਰੀ ਦੀ ਮੰਗ ਦਾ ਪੱਖ ਪੂਰਦਿਆਂ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਮਦਦ ਕਰਨ ਦਾ ਵਿਸ਼ਵਾਸ ਦੁਆਇਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸੂਬੇ ਅੰਦਰ ਦਲਿਤਾਂ ਉੱਪਰ ਅੱਤਿਆਚਾਰ ਵੱਧ ਚੁੱਕੇ ਹਨ, ਪਰ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ, ਦਲਿਤ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਯੋਗ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ 'ਆਪ' ਆਗੂ ਅਮਨ ਅਰੋੜਾ ਨੇ ਵੀ ਉਕਤ ਘਟਨਾ ਦੀ ਜ਼ੋਰਦਾਰ ਸ਼ਬਦਾਂ ਚ ਨਿੰਦਾ ਕਰਦਿਆਂ ਸਰਕਾਰ ਤੋਂ ਇਸ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਨਾਲ ਨਾਲ ਪਰਿਵਾਰ ਨੂੰ ਆਰਥਿਕ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਲੱਖਾ ਸਿਧਾਣਾ ਨੇ ਸਪੱਸ਼ਟ ਕਿਹਾ ਕਿ ਸੂਬੇ ਅੰਦਰ ਗੁੰਡਾਗਰਦੀ ਲੀਡਰਾਂ ਦੀ ਦੇਣ ਹੈ ਜੇਕਰ ਸਰਕਾਰ ਜਾਂ ਲੀਡਰ ਚਾਹੁਣ ਤਾਂ ਗੁੰਡਾਗਰਦੀ ਨਹੀਂ ਹੋ ਸਕਦੀ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬਿੱਕਰ ਸਿੰਘ, ਹਰਭਗਵਾਨ ਸਿੰਘ ਮੂਨਕ, ਗੋਬਿੰਦ ਸਿੰਘ ਛਾਜਲੀ, ਧਰਮਪਾਲ ਸਿੰਘ ਤੋਂ ਇਲਾਵਾ ਹੋਰਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ, ਉਹ ਸੰਘਰਸ਼ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਦਲਿਤ ਪਰਿਵਾਰ ਨਾਲ ਹਰ ਪੱਧਰ 'ਤੇ ਬੇਇਨਸਾਫੀ ਹੁੰਦੀ ਰਹੀ ਹੈ, ਪਰ ਹੁਣ ਦਲਿਤ ਵਰਗ ਕਿਸੇ ਵੀ ਬੇਇਨਸਾਫ਼ੀ ਅੱਗੇ ਨਹੀਂ ਝੁਕੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਸਮੂਹ ਪੰਜਾਬ ਦੀਆਂ ਜਥੇਬੰਦੀਆਂ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਕਿਸੇ ਵੀ ਹੱਦ ਤੱਕ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੀਆਂ। ਜਿਸਦੇ ਨਿਕਲਣ ਵਾਲੇ ਸਿੱਟਿਆਂ ਲਈ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ ।  

ਪਰਿਵਾਰ ਨੂੰ ਮਿਲੇਗਾ 8.25 ਲੱਖ ਮੁਆਵਜ਼ਾ ਅਤੇ 5 ਹਜ਼ਾਰ ਮਹੀਨਾ ਪੈਨਸ਼ਨ : ਤਹਿਸੀਲ ਭਲਾਈ ਅਫ਼ਸਰ              
ਇਸ ਮੌਕੇ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਹਮੀਰ ਸਿੰਘ ਅਤੇ ਤਹਿਸੀਲ ਭਲਾਈ ਅਫ਼ਸਰ ਸੁਮਿਤ ਗਰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਐੱਸ. ਸੀ. /ਐੱਸ. ਟੀ. ਐਕਟ ਅਧੀਨ ਪਰਿਵਾਰ ਨੂੰ 8.25 ਲੱਖ ਰੁਪਏ ਮੁਆਵਜ਼ਾ ਅਤੇ 5 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲੇਗੀ, ਪਰ ਹੁਣ ਤੱਕ ਪਰਿਵਾਰ ਵੱਲੋਂ ਮੁਆਵਜ਼ਾ ਲੈਣ ਲਈ ਕੋਈ ਅਕਾਊਂਟ ਨੰਬਰ ਨਹੀਂ ਦਿੱਤਾ ਗਿਆ ਜਿਸਦੇ ਕਾਰਣ ਪਰਿਵਾਰ ਨੂੰ ਅਜੇ ਤੱਕ ਮੁਆਵਜ਼ਾ ਰਾਸ਼ੀ ਨਹੀਂ ਭੇਜੀ ਜਾ ਸਕੀ। ਜਦੋਂ ਵੀ ਪਰਿਵਾਰ ਆਪਣਾ ਅਕਾਊਂਟ ਨੰਬਰ ਦੇ ਦੇਵੇਗਾ, ਤੁਰੰਤ ਮੁਆਵਜ਼ਾ ਰਾਸ਼ੀ ਉਸਦੇ ਖਾਤੇ ਵਿਚ ਪਾ ਦਿੱਤੀ ਜਾਵੇਗੀ। ਦੂਜੀਆਂ ਮੰਗਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੰਗ ਪੱਤਰ ਲੈ ਲਿਆ ਹੈ ਅਤੇ ਉਹ ਉਕਤ ਮੰਗ ਪੱਤਰ ਨੂੰ ਸਰਕਾਰ ਤੱਕ ਪਹੁੰਚਾਉਣਗੇ ਤੇ ਸਰਕਾਰ ਦੇ ਹੁਕਮਾਂ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।  


KamalJeet Singh

Content Editor

Related News