ਵਿਵਾਦਾਂ ''ਚ ਘਿਰਿਆ ਮਹਾਤਮਾ ਗਾਂਧੀ ਸਰਬੱਤ ਯੋਜਨਾ ਤਹਿਤ ਬੁੱਟਰ ਕਲਾਂ ਵਿਖੇ ਲੱਗਾ ਕੈਂਪ

09/04/2019 11:22:55 AM

ਮੋਗਾ (ਗੋਪੀ ਰਾਊਕੇ)—ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਭਲਾਈ ਸਕੀਮਾਂ ਦਾ ਸਿੱਧਾ ਲਾਭ ਦੇਣ ਲਈ ਪਿੰਡਾਂ 'ਚ 'ਮਹਾਤਮਾ ਗਾਂਧੀ ਸਰਬੱਤ ਯੋਜਨਾ' ਤਹਿਤ ਕੈਂਪ ਲਾਏ ਜਾ ਰਹੇ ਹਨ ਪਰ ਦੂਜੇ ਪਾਸੇ ਬਲਾਕ ਮੋਗਾ-1 ਅਧੀਨ ਪੈਂਦੇ ਪਿੰਡ ਬੁੱਟਰ ਕਲਾਂ ਵਿਖੇ ਇਸੇ ਸਕੀਮ ਅਧੀਨ ਲਾਇਆ ਕੈਂਪ ਉਸ ਵੇਲੇ ਵਿਵਾਦਾਂ 'ਚ ਘਿਰ ਗਿਆ, ਜਦੋਂ ਪਿੰਡ ਦੇ ਜੰਮਪਲ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਜਿੱਤ ਕੇ ਮੈਂਬਰ ਬਣੇ ਅਕਾਸ਼ਦੀਪ ਸਿੰਘ ਲਾਲੀ ਬੁੱਟਰ ਮੈਂਬਰ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਅਤੇ ਮੈਂਬਰ ਯੂਥ ਡਿਵੈੱਲਪਮੈਂਟ ਬੋਰਡ ਪੰਜਾਬ ਸਰਕਾਰ ਨੂੰ ਇਸ ਸਮਾਗਮ ਦਾ ਸੱਦਾ ਪੱਤਰ ਨਹੀਂ ਮਿਲਿਆ। ਸ਼ਾਮ ਵੇਲੇ ਪਿੰਡ 'ਚ ਲੱਗੇ ਕੈਂਪ ਸਬੰਧੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਸਮਾਗਮ ਦੀ ਦੇਖ-ਰੇਖ ਕਰ ਰਹੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਪਰ ਜਦੋਂ ਕੋਈ ਠੋਸ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਤੁਰੰਤ ਹਰਕਤ ਵਿਚ ਆਉਂਦਿਆਂ ਹੈਰਾਨੀ ਪ੍ਰਗਟ ਕੀਤੀ ਕਿ ਜੇਕਰ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਹੀ ਇਨ੍ਹਾਂ ਸਮਾਗਮਾਂ ਦਾ ਪਤਾ ਨਹੀਂ ਲੱਗਦਾ ਤਾਂ ਉਹ ਲੋਕਾਂ ਨੂੰ ਕਿਸ ਤਰ੍ਹਾਂ ਇਸ ਸਬੰਧੀ ਜਾਗਰੂਕ ਕਰਨਗੇ।

ਮਾਮਲੇ ਸਬੰਧੀ ਅੱਜ ਡੀ.ਸੀ. ਨੂੰ ਕਰਵਾਉਣਗੇ ਜਾਣੂ
ਇਸ ਮਾਮਲੇ ਸਬੰਧੀ ਜਾਰੀ ਕੀਤੇ ਪ੍ਰੈੱਸ ਬਿਆਨ ਰਾਹੀਂ ਜ਼ਿਲਾ ਪ੍ਰੀਸ਼ਦ ਮੈਂਬਰ ਅਕਾਸ਼ਦੀਪ ਸਿੰਘ ਲਾਲੀ ਬੁੱਟਰ ਨੇ ਕਿਹਾ ਕਿ ਉਹ 4 ਸਤੰਬਰ ਨੂੰ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਨੂੰ ਸ਼ਿਕਾਇਤ ਪੱਤਰ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਜਾਵੇਗੀ। ਸਰਕਾਰ ਤਾਂ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਨੂੰ ਵੱਧ ਅਧਿਕਾਰ ਦੇ ਰਹੀ ਹੈ ਪਰ ਹੇਠਲੇ ਪੱਧਰ 'ਤੇ ਅਫ਼ਸਰਸ਼ਾਹੀ ਮਨਮਾਨੀਆਂ ਕਰ ਰਹੀ ਹੈ। ਉਹ ਇਸ ਮਾਮਲੇ 'ਤੇ 'ਚੁੱਪ' ਨਹੀਂ ਬੈਠਣਗੇ।

ਸਾਡੀ ਡਿਊਟੀ ਸੱਦਾ ਪੱਤਰ ਲਈ ਨਹੀਂ ਸਗੋਂ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਹੈ : ਪੰਚਾਇਤ ਸਕੱਤਰ
ਇਸ ਮਾਮਲੇ ਸਬੰਧੀ ਜਦੋਂ ਪੰਚਾਇਤ ਸਕੱਤਰ ਦਵਿੰਦਰ ਸਿੰਘ ਨੰਗਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡੀ ਡਿਊਟੀ ਇਸ ਸਮਾਗਮ 'ਤੇ ਸੱਦਾ ਪੱਤਰ ਲਈ ਨਹੀਂ ਸਗੋਂ ਪਿੰਡਾਂ 'ਚ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਲਾਈ ਗਈ ਸੀ, ਜਿਸ ਨੂੰ ਅਸੀਂ ਤਨਦੇਹੀ ਨਾਲ ਨਿਭਾਇਆ ਹੈ। ਸਾਨੂੰ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਨੂੰ ਸੱਦਾ ਪੱਤਰ ਦੇਣ ਲਈ ਕੋਈ ਹਦਾਇਤ ਵਿਭਾਗ ਵੱਲੋਂ ਨਹੀਂ ਆਈ ਸੀ।


Shyna

Content Editor

Related News