'ਵੱਡੇ ਬਾਦਲ' ਤੇ 'ਵੱਡੇ ਢੀਂਡਸੇ' 'ਚੋਂ ਹੁਣ ਵੱਡਾ ਕੌਣ?

12/20/2019 9:21:08 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀਆਂ ਕਾਰਵਾਈਆਂ ਤੋਂ ਖਫ਼ਾ ਹੋ ਕੇ ਬਾਗੀ ਰੁਖ਼ ਅਖਤਿਆਰ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਨੂੰ ਜਿਸ ਤਰੀਕੇ ਨਾਲ ਉਨ੍ਹਾਂ ਦੇ ਜੱਦੀ ਸ਼ਹਿਰ ਸੰਗਰੂਰ ਤੋਂ ਬਰਨਾਲਾ ਦੇ ਅਕਾਲੀ ਵਰਕਰਾਂ ਨੇ ਹੱਥਾਂ 'ਤੇ ਚੁੱਕ ਲਿਆ ਹੈ, ਉਸ ਤੋਂ ਲੱਗਣ ਲੱਗ ਪਿਆ ਹੈ ਕਿ ਕਿਧਰੇ ਢੀਂਡਸਾ ਆਪਣੇ ਰਾਜਸੀ ਕੱਦ 'ਤੇ ਈਮਾਨਦਾਰੀ ਤੇ ਦਿਆਨਤਦਾਰੀ ਤੇ ਲੋਕਾਂ ਵਿਚ ਭਰੋਸੇ ਕਾਰਣ ਆਉਣ ਵਾਲੇ ਸਮੇਂ ਵਿਚ ਬਜ਼ੁਰਗ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਦੀ ਰਾਜਸੀ ਥਾਂ ਨਾ ਲੈ ਲੈਣ ਕਿਉਂਕਿ ਢੀਂਡਸਾ ਵੱਡੀ ਉਮਰ ਤੇ ਪਾਰਟੀ ਵਿਚ ਕਾਬਲ ਅਹੁਦਿਆਂ 'ਤੇ ਰਹਿ ਕੇ ਸ. ਬਾਦਲ ਤੋਂ ਬਾਅਦ ਦੂਜੇ ਨੰਬਰ ਦੇ ਆਗੂ ਹਨ, ਜਿਨ੍ਹਾਂ ਦੀ ਦਿੱਲੀ ਬੈਠੀ ਭਾਜਪਾ ਨਾਲ ਗੂੜ੍ਹੀ ਸਾਂਝ ਹੀ ਨਹੀਂ, ਸਗੋਂ ਪਕੜ ਵੀ ਬਾਦਲ ਜਿੰਨੀ ਹੈ।

ਬਾਕੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਰਾਜਸੀ ਵਿਰਾਸਤ ਕਾਰਨ ਬਾਪੂ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਲੈਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਸੱਜਰੇ ਸ਼ਰੀਕ ਸੁਖਦੇਵ ਸਿੰਘ ਢੀਂਡਸਾ ਅਤੇ ਹੋਰਨਾਂ ਨੇ ਜੋ ਅਕਾਲੀ ਦਲ ਖਿਲਾਫ ਝੰਡਾ ਚੁੱਕ ਲਿਆ ਹੈ, ਉਸ ਨੂੰ ਦੇਖਦੇ ਹੋਏ ਸਿਆਸੀ ਪੰਡਤਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 10 ਸਾਲਾਂ ਦੇ ਅਕਾਲੀ ਦਲ ਦੇ ਰਾਜ ਦੌਰਾਨ ਵਿਕਾਸ ਤਾਂ ਬਹੁਤ ਕੀਤਾ ਪਰ ਲੋਕਾਂ ਵਿਚ ਵਿਸ਼ਵਾਸ ਅਤੇ ਭਰੋਸਾ ਕਾਇਮ ਨਹੀਂ ਕਰ ਸਕੇ, ਜਦੋਂਕਿ ਹੁਣ ਬਾਗੀ ਹੋਏ ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਲੰਬੇ ਸਮੇਂ ਤੋਂ ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵਿਚ ਵਿਚਰਦੇ ਆਏ ਹਨ। ਉਨ੍ਹਾਂ ਦਾ ਲੋਕਾਂ ਵਿਚ ਵਿਸ਼ਵਾਸ ਕਾਇਮ ਹੈ। ਉਹ ਆਉਣ ਵਾਲੇ ਸਮੇਂ ਵਿਚ ਜੇਕਰ ਆਪਣਾ ਕਾਫਲਾ ਵੱਡਾ ਕਰਨ ਅਤੇ ਲੋਕਾਂ ਵਿਚ ਵਿਚਰਦੇ ਰਹੇ ਤਾਂ ਜ਼ਰੂਰ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਲੈ ਸਕਦੇ ਹਨ ਕਿਉਂਕਿ ਬਾਦਲ ਤਾਂ ਹੁਣ ਸਰਗਰਮ ਸਿਆਸਤ ਤੋਂ ਲਾਂਭੇ ਹੋ ਗਏ ਹਨ ਕਿਉਂਕਿ ਵਡੇਰੀ ਉਮਰ ਤੇ ਢਿੱਲੀ ਸਿਹਤ ਕਾਰਣ ਉਹ ਹੁਣ ਆਰਾਮ ਹੀ ਫਰਮਾਉਂਦੇ ਹਨ। ਬਾਕੀ ਦੇਖਦੇ ਹਾਂ ਕਿ ਢੀਂਡਸਾ ਵੱਲੋਂ ਚੁੱਕਿਆ ਗਿਆ ਕਦਮ ਕਿੰਨਾ ਕੁ ਸਫਰ ਤੈਅ ਕਰਦਾ ਹੈ।

cherry

This news is Content Editor cherry