ਲੁਧਿਆਣਾ : ਮੂਰਤੀ ਸਥਾਪਨਾ ਨੂੰ ਲੈ ਕੇ 2 ਧਿਰਾਂ ਵਿਚਾਲੇ ਤਣਾਅ

12/13/2018 6:07:52 PM

ਲੁਧਿਆਣਾ,(ਅਨਿਲ)— ਵਿਧਾਨਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਮਾਂਗਟ 'ਚ ਅੱਜ ਮੂਰਤੀ ਸਥਾਪਨਾ ਨੂੰ ਲੈ ਕੇ 2 ਪੱਖਾਂ ਵਿਚਾਲੇ ਤਣਾਅ ਪੈਦਾ ਹੋ ਗਿਆ, ਜਿਸ ਦੇ ਬਾਅਦ ਮੌਕੇ 'ਤੇ ਥਾਣਾ ਸਾਹਨੇਵਾਲ ਦੀ ਪੁਲਸ ਪਹੁੰਚੀ। ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ 'ਚ ਸ਼ਿਵ ਮੰਦਰ ਬਣਿਆ ਹੋਇਆ ਹੈ ਪਰ ਕੁੱਝ ਮਹੀਨੇ ਪਹਿਲਾਂ ਪਿੰਡ ਦੇ ਇਕ ਗੁੱਟ ਨੇ ਮੰਦਰ 'ਚ ਪਈਆਂ ਮੂਰਤੀਆਂ ਨੂੰ ਤੋੜ ਦਿੱਤਾ ਸੀ, ਜਿਸ ਦੇ ਚੱਲਦੇ ਪਿੰਡ ਵਾਲਿਆਂ ਅਤੇ ਦੂਜੇ ਪੱਖ ਦੇ ਲੋਕਾਂ ਵਿਚਾਲੇ ਕਾਫੀ ਭਾਰੀ ਤਕਰਾਰ ਹੋਇਆ ਸੀ।

  ਇਸ ਤੋਂ ਬਾਅਦ ਅੱਜ ਪਿੰਡ ਦੇ ਲੋਕਾਂ ਨੇ ਕਾਨੂੰਨ ਮੁਤਾਬਕ ਮੰਦਰ 'ਚ ਮੂਰਤੀਆਂ ਸਥਾਪਤ ਕਰਨ ਲਈ ਉਸ ਸਥਾਨ ਦੀ ਸਫਾਈ ਕਰਨ ਸ਼ੁਰੂ ਕੀਤੀ ਤਾਂ ਉਥੇ ਫਿਰ ਦੂਜੇ ਪੱਖ ਨੇ ਹੰਗਾਮਾ ਕਰ ਦਿੱਤਾ ਅਤੇ ਮੂਰਤੀ ਸਥਾਪਨਾ ਕਰਨ 'ਚ ਰੁਕਾਵਟ ਪੈਦਾ ਕੀਤੀ, ਜਿਸ ਦੌਰਾਨ ਅੱਜ ਫਿਰ ਪਿੰਡ ਵਾਲੇ ਲੋਕਾਂ ਤੇ ਦੂਜੇ ਪੱਖ ਵਿਚਾਲੇ ਤਣਾਅ ਪੈਦਾ ਹੋ ਗਿਆ। ਧਾਰਮਿਕ ਮੁੱਦੇ ਦੇ ਚੱਲਦੇ ਮੌਕੇ 'ਤੇ ਬਜਰੰਗ ਦਲ ਅਤੇ ਹੋਰ ਕਈ ਧਾਰਮਿਕ ਸੰਗਠਨ ਵੀ ਇੱਕਠੇ ਹੋ ਗਏ। ਇਸ ਦੌਰਾਨ ਮੌਕੇ 'ਤੇ ਭਾਰੀ ਗਿਣਤੀ 'ਚ ਪੁਲਸ ਪਹੁੰਚੀ, ਜਿਸ ਵਲੋਂ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਜਾਰੀ ਹੈ।