ਲੁਧਿਆਣਾ ਪ੍ਰਸ਼ਾਸਨ ਦੀ ਤਾਨਾਸ਼ਾਹੀ ਖਿਲਾਫ ਪਾਵਰਕਾਮ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਜਤਾਇਆ ਰੋਸ

05/15/2020 6:37:25 PM

ਲੁਧਿਆਣਾ,(ਸਲੂਜਾ) : ਪਾਵਰਕਾਮ ਕੇਂਦਰੀ ਜੋਨ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਜ਼ਿਲਾ ਲੁਧਿਆਣਾ ਪ੍ਰਸ਼ਾਸਨ ਦੀ ਤਾਨਾਸ਼ਾਹੀ ਖਿਲਾਫ ਅੱਜ ਰੋਸ ਜਤਾਇਆ। ਇਸ ਰੋਸ ਪ੍ਰਦਰਸ਼ਨ 'ਚ ਚੀਫ ਇੰਜੀਨੀਅਰ ਤੋਂ ਲੈ ਕੇ ਟ੍ਰੈਕੀਕਲ ਸਟਾਫ ਨਾਲ ਸਬੰਧਿਤ ਮੁਲਾਜ਼ਮਾਂ ਨੇ ਡਿਊਟੀ ਦੌਰਾਨ ਬਲੈਕ ਬੈਚ ਲਗਾ ਕੇ ਹਿੱਸਾ ਲਿਆ।

ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰ ਐਸੋ ਦੀ ਲੁਧਿਆਣਾ ਇਕਾਈ ਦੇ ਖੇਤਰੀ ਸਕੱਤਰ ਐਕਸੀਅਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਦੇ ਮੌਸਮ ਅਤੇ ਅਨਾਜ ਦੀ ਬਿਜਾਈ ਨੂੰ ਲੈ ਕੇ ਰੈਗੂਲਰ ਤੇ ਕੁਆਲਟੀ ਭਰਪੂਰ ਪਾਵਰ ਸਪਲਾਈ ਪ੍ਰਦਾਨ ਕਰਨ ਦਾ ਪ੍ਰੈਸ਼ਰ ਬਣਿਆ ਹੋਇਆ ਹੈ ਪਰ ਜ਼ਿਲਾ ਪ੍ਰਸ਼ਾਸਨ ਵਲੋਂ ਪਾਵਰਕਾਮ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਕਰਫਿਊ ਪਾਸ ਬਣਾਉਣ, ਹਸਪਤਾਲਾਂ ਤੇ ਏਕਾਂਤਵਾਸ ਸੈਂਟਰਾਂ 'ਚ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਐਕਸੀਅਨ ਪਰਮਿੰਦਰ ਸਿੰਘ ਨੇ ਕਿਹਾ ਕਿ ਪਾਵਰਕਾਮ ਦੇ ਸਾਹਮਣੇ ਤਾਂ ਪਹਿਲਾਂ ਹੀ ਕਈ ਚੁਣੌਤੀਆਂ ਹਨ। ਬਿਜਲੀ ਵਿਭਾਗ ਦਾ ਇਕ ਅਧਿਕਾਰੀ ਤੇ ਮੁਲਾਜ਼ਮਾਂ ਕਿਸ ਤਰ੍ਹਾਂ 2-2 ਡਿਊਟੀਆਂ ਦੇਣ ਦੇ ਸਮਰੱਥ ਹੋ ਸਕਦਾ ਹੈ। ਕੋਰੋਨਾ ਵਾਇਰਸ ਦੀ ਇਸ ਘੜੀ 'ਚ ਪਹਿਲਾਂ ਹੀ ਅਧਿਕਾਰੀ ਤੇ ਮੁਲਾਜ਼ਮ ਆਪਣੀ ਜਾਨ 'ਤੇ ਖੇਡ ਕੇ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਚਾਹੇ ਤਾਂ ਹੋਰ ਵਿਭਾਗਾਂ ਤੋਂ ਮੁਲਾਜ਼ਮਾਂ ਦੀਆਂ ਸੇਵਾਵਾਂ ਲੈ ਕੇ ਆਪਣਾ ਕੰਮ ਚਲਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਾਵਰਕਾਮ ਦੇ ਅਧਿਕਾਰੀ ਤੇ ਮੁਲਾਜ਼ਮ ਡਿਊਟੀ ਦੌਰਾਨ ਬਲੈਕ ਬੈਚ ਲਗਾ ਕੇ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ ਜਤਾਉਂਦੇ ਹਨ।
 


Deepak Kumar

Content Editor

Related News