ਲੁਧਿਆਣਾ ਦੀ ਸੈਂਟਰਲ ਜੇਲ੍ਹ ’ਚ ਪੈਸਿਆਂ ਨੂੰ ਲੈ ਕੇ ਭਿੜੇ ਕੈਦੀ, ਨੁਕੀਲੀ ਚੀਜ਼ ਨਾਲ ਹਮਲਾ ਕਰਨ ’ਤੇ 3 ਜ਼ਖ਼ਮੀ

08/21/2022 3:37:39 PM

ਲੁਧਿਆਣਾ (ਸਿਆਲ) - ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ਵਿਚ ਪੈਸਿਆਂ ਨੂੰ ਲੈ ਕੇ ਦੋ ਬੰਦੀਆਂ ਦੇ ਗਰੁੱਪ ਆਪਸ ਵਿਚ ਭਿੜ ਗਏ। ਇਸ ਲੜਾਈ ਦੌਰਾਨ ਨੁਕੀਲੀ ਚੀਜ਼ ਲੱਗਣ ਨਾਲ ਤਿੰਨ ਹਵਾਲਾਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਜ਼ਖ਼ਮੀ ਹਵਾਲਾਤੀਆਂ ਦੀ ਪਛਾਣ ਮਨੋਜ ਕੁਮਾਰ, ਵਰਿੰਦਰ ਕੁਮਾਰ ਅਤੇ ਵਿਸ਼ਾਲ ਕੁਮਾਰ ਵਜੋਂ ਹੋਈ ਹੈ। ਸਿਵਲ ਹਸਪਤਾਲ ਵਿਚ ਇਲਾਜ ਲਈ ਪੁੱਜੇ ਜ਼ਖ਼ਮੀ ਹਵਾਲਾਤੀ ਮਨੋਜ ਕੁਮਾਰ ਨੇ ਦੱਸਿਆ ਕਿ ਉਸ ਦੀ ਬੈਰਕ ਵਿਚ ਇਕ ਹੋਰ ਬੰਦੀ ਦੇ ਕਹਿਣ ’ਤੇ ਉਸ ਦੀ ਮਾਤਾ ਨੇ 8 ਹਜ਼ਾਰ ਦੇ ਲਗਭਗ ਦੀ ਰਾਸ਼ੀ ਪੇ. ਟੀ. ਐੱਮ. ਕਰਵਾਈ ਸੀ।

ਉਕਤ ਬੰਦੀ ਤੋਂ ਪੈਸੇ ਮੰਗਣ ’ਤੇ ਉਹ ਟਾਲ ਮਟੋਲ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਅੱਜ ਹੋਰ ਦੋ ਸਾਥੀਆਂ ਵਰਿੰਦਰ ਕੁਮਾਰ, ਵਿਸ਼ਾਲ ਕੁਮਾਰ ’ਤੇ ਵੀ ਨੁਕੀਲੀ ਚੀਜ਼ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਉਧਰ ਜੇਲ੍ਹ ਪ੍ਰਸ਼ਾਸਨ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਿਹਾ ਹੈ।
 

rajwinder kaur

This news is Content Editor rajwinder kaur