ਸੀ. ਆਈ. ਡੀ. ਕਰਮਚਾਰੀ ਬਣ ਕੇ ਅਾਏ, ਬੱਚੇ ਦੀ ਧੌਣ ’ਤੇ ਚਾਕੂ ਰੱਖ ਕੇ 10 ਲੱਖ ਲੁੱਟੇ

11/01/2018 5:56:08 AM

ਚੰਡੀਗਡ਼੍ਹ, (ਸੁਸ਼ੀਲ)- ਸੀ. ਆਈ. ਡੀ. ਵਿੰਗ ਦੇ ਪੁਲਸ ਕਰਮਚਾਰੀ ਬਣ ਕੇ ਤਿੰਨ ਲਡ਼ਕੇ ਬੁੱਧਵਾਰ ਤਡ਼ਕੇ ਸੈਕਟਰ-52 ਸਥਿਤ ਮਕਾਨ ’ਚ ਵਡ਼ ਕੇ ਚਾਕੂ ਦੀ ਨੋਕ ’ਤੇ 10 ਲੱਖ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਕ ਲੁਟੇਰੇ ਨੇ ਛੋਟੇ ਬੱਚੇ ਦੀ ਧੌਣ ’ਤੇ ਚਾਕੂ ਰੱਖ ਦਿੱਤਾ। ਇਸ ਤੋਂ ਬਾਅਦ ਲੁਟੇਰਿਆਂ ਨੇ ਘਰ ਅੰਦਰ ਸਾਰਾ ਸਾਮਾਨ ਖੰਘਾਲਿਆ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਸ਼ਕੁੰਤਲਾ ਨੇ ਲੁੱਟ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-36 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਤੇ ਘਰ ’ਚ ਮੌਜੂਦ ਸਾਰਿਆਂ ਦੇ ਬਿਆਨ ਦਰਜ ਕੀਤੇ ਪਰ ਦੇਰ ਰਾਤ ਤਕ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ। ਪੁਲਸ ਕਹਿੰਦੀ ਰਹੀ ਕਿ ਮਾਮਲੇ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ।  
ਦੋ ਨੌਜਵਾਨ ਘਰ ਦੇ ਅੰਦਰ ਅਾਏ, ਇਕ ਬਾਹਰ ਰਿਹਾ
ਸੈਕਟਰ-52 ਸਥਿਤ ਪੱਕੀ ਕਾਲੋਨੀ ਨਿਵਾਸੀ ਸ਼ਕੁੰਤਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਮਕਾਨ ਨੰ. 1511 ’ਚ ਪਤੀ ਪੱਪੂ ਤੇ ਤਿੰਨ ਬੱਚਿਆਂ ਨਾਲ ਰਹਿੰਦੀ ਹੈ। ਬੁੱਧਵਾਰ ਤਡ਼ਕੇ ਚਾਰ ਵਜੇ ਤਿੰਨ ਲਡ਼ਕਿਆਂ ਨੇ ਉਸਦੇ ਘਰ ਦਾ ਦਰਵਾਜ਼ਾ ਖਡ਼ਕਾਇਆ। ਲਡ਼ਕਿਆਂ ਨੇ ਖੁਦ ਨੂੰ ਸੀ. ਆਈ. ਡੀ. ਵਿੰਗ ਦੇ ਪੁਲਸ ਕਰਮਚਾਰੀ ਦੱਸਿਆ ਅਤੇ ਘਰ ਦੀ ਜਾਂਚ ਕਰਨ ਦੀ ਗੱਲ ਕੀਤੀ। ਦੋ ਲਡ਼ਕੇ ਘਰ ਦੇ ਅੰਦਰ ਆ ਗਏ ਤੇ ਇਕ ਲਡ਼ਕਾ ਬਾਹਰ ਖਡ਼੍ਹਾ ਰਿਹਾ। 
ਸਾਮਾਨ ਬੈਗ ’ਚ ਭਰ ਕੇ ਲੈ ਗਏ ਲੁਟੇਰੇ, ਰੌਲਾ ਪਾਉਣ ’ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ
ਘਰ ਅੰਦਰ ਆਏ ਇਕ ਲਡ਼ਕੇ ਨੇ ਸੁੱਤੇ ਹੋਏ ਛੋਟੇ ਬੱਚੇ ਨੂੰ ਚੁੱਕ ਕੇ ਉਸਦੀ  ਧੌਣ ’ਤੇ ਚਾਕੂ ਰੱਖ ਦਿੱਤਾ।  ਦੂਜਾ ਲਡ਼ਕਾ ਉਨ੍ਹਾਂ ਤੋਂ ਘਰ ’ਚ ਰੱਖੀ ਨਕਦੀ ਤੇ ਗਹਿਣੇ ਮੰਗਣ ਲੱਗਾ। ਲੁਟੇਰਾ ਬੈੱਡ ਤੇ ਅਲਮਾਰੀ ਨੂੰ ਖੰਘਾਲਣ ਲੱਗਾ। ਲੁਟੇਰੇ ਨੇ ਬੈੱਡ ’ਚ ਰੱਖੇ ਦੋ ਸੋਨੇ  ਦੇ ਨੈਕਲਸ, ਚਾਰ ਸੋਨੇ ਦੀਆਂ ਅੰਗੂਠੀਆਂ, ਇਕ  ਸੋਨੇ ਦਾ ਟਿੱਕਾ, ਚਾਰ ਚਾਂਦੀ ਦੀਆਂ ਅੰਗੂਠੀਆਂ,  ਚਾਰ ਚਾਂਦੀ ਦੀਆਂ ਚੂਡ਼ੀਆਂ, ਇਕ ਸੋਨੇ ਦੀ ਝਾਂਜਰ ਤੇ ਅਲਮਾਰੀ ’ਚੋਂ 10 ਲੱਖ ਕੈਸ਼ ਕੱਢ ਕੇ ਬੈਗ ’ਚ ਪਾ ਕੇ ਰੌਲਾ ਪਾਉਣ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ। ਥੋਡ਼੍ਹੀ ਦੇਰ ਬਾਅਦ ਦੋਵੇਂ ਲੁਟੇਰੇ ਬਾਹਰ ਖਡ਼੍ਹੇ ਸਾਥੀ ਨਾਲ ਫਰਾਰ ਹੋ ਗਏ। ਲੁਟੇਰਿਆਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਲੁੱਟ ਦੀ ਸੂਚਨਾ ਪੁਲਸ ਨੂੰ ਦਿੱਤੀ।  ਸੈਕਟਰ-36 ਥਾਣਾ ਪੁਲਸ ਮੌਕੇ ’ਤੇ ਪਹੁੰਚੀ।  ਪੁਲਸ ਨੇ ਘਰ ’ਚ ਮੌਜੂਦ ਸਾਰਿਆਂ ਦੇ ਬਿਆਨ ਦਰਜ ਕੀਤੇ। ਉਨ੍ਹਾਂ ਦੱਸਿਆ ਕਿ  10 ਲੱਖ ਰੁਪਏ ਉਨ੍ਹਾਂ ਨੇ ਜ਼ਮੀਨ ਖਰੀਦਣ ਲਈ ਘਰ ’ਚ ਰੱਖੇ ਸਨ।  ਉਧਰ ਇਸ ਮਾਮਲੇ ’ਚ ਏ. ਐੱਸ. ਪੀ. ਨਿਹਾਰਕਾ ਭੱਟ ਨੇ ਦੱਸਿਆ ਕਿ ਮਾਮਲਾ ਵੈਰੀਫਾਈ ਕੀਤਾ ਜਾ ਰਿਹਾ ਹੈ।  
 ਸੀ. ਸੀ. ਟੀ. ਵੀ. ’ਚ ਕੈਦ ਨਹੀਂ ਹੋ ਸਕੇ ਲੁਟੇਰੇ 
 ਚਾਕੂ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਹੋਣ ਤੋਂ ਬਾਅਦ ਪੁਲਸ ਨੇ ਘਰ ਸਾਹਮਣੇ ਲੱਗੇ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ। ਕੈਮਰੇ ਦੀ ਡਾਇਰੈਕਸ਼ਨ ਦੂਜੇ ਪਾਸੇ ਹੋਣ ਕਾਰਨ ਲੁਟੇਰੇ ਸੀ. ਸੀ. ਟੀ. ਵੀ.  ਕੈਮਰੇ ’ਚ ਕੈਦ ਨਹੀਂ ਹੋ ਸਕੇ। ਉਥੇ ਹੀ ਸ਼ਕੁੰਤਲਾ ਨੇ ਦੱਸਿਆ ਕਿ ਇਕ ਲੁਟੇਰਾ ਲੁੱਟ ਦੀ ਵਾਰਦਾਤ ਦੌਰਾਨ ਘਰ  ਦੇ ਬਾਹਰ ਖਡ਼੍ਹਾ ਰਿਹਾ। ਉਹ ਲੁਟੇਰਾ ਬਾਹਰ ਦੇ ਆਉਣ-ਜਾਣ ਵਾਲੇ ਲੋਕਾਂ ’ਤੇ ਨਜ਼ਰ  ਰੱਖ ਰਿਹਾ ਸੀ।   


Related News