''ਲਿਪ'' ਵਿਧਾਇਕਾਂ ਤੇ ਕੌਂਸਲਰਾਂ ਨੇ ਖਾਲਸਾ ਏਡ ਨੂੰ ਦਿੱਤੀ ਇਕ ਮਹੀਨੇ ਦੀ ਤਨਖਾਹ

09/03/2019 1:33:19 PM

ਲੁਧਿਆਣਾ (ਪਾਲੀ) : ਲੋਕ ਇਨਸਾਫ ਪਾਰਟੀ (ਲਿਪ) ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੀ ਨੇਕ ਕਮਾਈ 'ਚੋਂ ਦਸਵੰਧ ਕੱਢ ਕੇ ਹੜ੍ਹ ਪੀੜਤਾਂ ਦੀ ਮਦਦ ਕਰੇ, ਜਦੋਂ ਕਿ ਹਰ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵੀ ਆਪਣਾ ਯੋਗਦਾਨ ਪਾਵੇ। ਵਿਧਾਇਕ ਬੈਂਸ ਆਪਣੇ ਕੋਟ ਮੰਗਲ ਸਿੰਘ ਦਫਤਰ 'ਚ ਪੁੱਜੀ 'ਖਾਲਸਾ ਏਡ ਇੰਡੀਆ' ਟੀਮ ਨੂੰ ਪਾਰਟੀ ਦੇ ਵਿਧਾਇਕਾਂ ਅਤੇ ਕੌਂਸਲਰਾਂ ਵਲੋਂ ਪਹਿਲਾਂ ਹੀ ਐਲਾਨੀ ਗਈ ਤਨਖਾਹ ਦੇ ਚੈੱਕ ਭੇਂਟ ਕਰ ਰਹੇ ਸਨ, ਇਸ ਦੌਰਾਨ 2 ਲੱਖ, 81 ਹਜ਼ਾਰ ਰੁਪਏ ਦੇ ਚੈੱਕ ਭੇਂਟ ਕੀਤੇ ਗਏ।

ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਮੌਜੂਦਾ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਕੁਝ ਨਹੀਂ ਕਰ ਰਹੀ ਅਤੇ ਸਿਰਫ ਖਾਨਾਪੂਰਤੀ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਫਿਰ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਸਥਾਨ ਨੂੰ ਪੰਜਾਬ ਤੋਂ ਜਾ ਰਹੇ ਪਾਣੀ ਦੀ ਕੀਮਤ ਹੀ ਵਸੂਲ ਕਰ ਲੈਣ ਤਾਂ ਜਿੱਥੇ ਹੜ੍ਹ ਪੀੜਤਾਂ ਦਾ ਮੁੜ ਵਸੇਬਾ ਹੋ ਸਕਦਾ ਹੈ, ਉੱਥੇ ਪੰਜਾਬ ਤਰੱਕੀ ਦੇ ਰਾਹ ਤੁਰ ਸਕਦਾ ਹੈ। ਇਸ ਦੌਰਾਨ ਖਾਲਸਾ ਏਡ ਇੰਡੀਆ ਦੀ ਟੀਮ 'ਚ ਸ਼ਾਮਲ ਅਮਰਪ੍ਰੀਤ ਸਿੰਘ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ 'ਚ ਜਿੱਥੇ ਲੋਕਾਂ ਨੂੰ ਪਹਿਲਾਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰ ਰਹੀ ਹੈ, ਉੱਥੇ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੇ ਨੁਕਸਾਨ ਦਾ ਵੀ ਅੰਦਾਜ਼ਾ ਲਾ ਰਹੀ ਅਤੇ ਡੰਗਰ, ਘਰ ਅਤੇ ਹੋਰ ਹੋਏ ਨੁਕਸਾਨ ਦਾ ਸਰਵੇ ਕਰਕੇ ਹੜ੍ਹ ਪੀੜਤਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ।

Babita

This news is Content Editor Babita