7 ਸਤੰਬਰ ਨੂੰ ਲੋਕ ਇਨਸਾਫ ਪਾਰਟੀ ਵਲੋਂ ਪਟਿਆਲਾ ਵਿਖੇ ਘੇਰਿਆ ਜਾਵੇਗਾ ਕੈਪਟਨ ਦਾ ਮੋਤੀ ਮਹਿਲ ਤਲਵਿੰਦਰ ਮਾਨ

09/06/2020 12:01:44 PM

ਭਵਾਨੀਗੜ੍ਹ (ਕਾਂਸਲ): ਲੋਕ ਇਨਸਾਫ ਪਾਰਟੀ ਵਲੋਂ 7 ਸਤੰਬਰ ਨੂੰ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ 'ਚ ਇੱਕ ਵੱਡਾ ਇਕੱਠ ਕਰਕੇ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕਰਦਿਆਂ ਮੁੱਖ ਮੰਤਰੀ ਪੰਜਾਬ ਕੋਲੋਂ ਵਜੀਫਾ ਘੁਟਾਲੇ 'ਚ ਦੋਸ਼ੀ ਠਹਿਰਾਏ ਗਏ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸਹਾਇਕ ਡਰਾਇਕਟਰ ਪਰਮਿੰਦਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਮੰਗ ਕੀਤੀ ਜਾਵੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਦੇ (ਯੂਥ ਵਿੰਗ) ਦੇ ਕੌਮੀ ਪ੍ਰਧਾਨ ਤਲਵਿੰਦਰ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 

ਉਨ੍ਹਾਂ ਕਿਹਾ ਕਿ ਪੰਜਾਬ 'ਚ ਐੱਸ.ਸੀ/ਬੀ.ਸੀ. ਵਿਦਿਆਰਥੀਆਂ ਦੇ ਵਜੀਫਾ ਘੁਟਾਲੇ 'ਚ ਵਿਭਾਗ ਦੀ ਡਿਪਟੀ ਸੈਕਟਰੀ ਵਲੋਂ ਕਥਿਤ ਤੌਰ 'ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਸਿਆਸੀ ਪਾਰਟੀਆ ਅਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਪੂਰੇ ਪੰਜਾਬ 'ਚ ਧਰਨੇ-ਮੁਜਾਹਰੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਬੀਤੇ ਦਿਨੀਂ ਲੋਕ ਇਨਸਾਫ ਪਾਰਟੀ ਵਲੋਂ ਵੱਖ-ਵੱਖ ਜ਼ਿਲ੍ਹਿਆਂ 'ਚ ਡੀ.ਸੀ. ਦਫ਼ਤਰਾਂ ਦੇ ਅੱਗੇ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਵੀ ਰੋਸ ਮੁਜਾਹਰੇ ਕੀਤੇ ਗਏ ਸਨ ਅਤੇ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਨੂੰ 7 ਤਰੀਖ ਤੱਕ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ 'ਚੋਂ ਬਾਹਰ ਦਾ ਰਸਤਾ ਦਿਖਾਉਣ ਅਤੇ ਸੀ.ਬੀ. ਆਈ ਨੂੰ ਜਾਂਚ ਦੇਣ ਦਾ ਅਲਟੀਮੈਟਮ ਦਿੱਤਾ ਗਿਆ ਸੀ। ਪਰ ਇਸ ਸਬੰਧੀ ਦੋਵਾਂ ਵਿਰੁੱਧ ਹੀ ਹੁਣ ਤੱਕ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਹੁਣ ਲੋਕ ਇਨਸਾਫ ਪਾਰਟੀ ਵਲੋਂ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ 'ਚ ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਮੋਤੀ ਮਹਿਲ ਦਾ ਘਿਰਾਓ ਕਰਕੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਪਾਰਟੀ ਵਰਕਰਾਂ ਅਤੇ ਇਲਾਕੇ ਦੇ ਆਮ ਲੋਕਾਂ ਨੂੰ ਵੱਡੀ ਗਿਣਤੀ 'ਚ ਧਰਨੇ 'ਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ।  


Shyna

Content Editor

Related News