ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਮੁੱਖ ਮੰਤਰੀ ਦੇ ਮਹਿਲ ਅੱਗੇ ਮੰਗੀ ''ਰੋਜ਼ਗਾਰ ਦੀ ਲੋਹੜੀ''

01/14/2020 1:32:21 PM

ਪਟਿਆਲਾ (ਜੋਸਨ): ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਦੇ ਦਰਵਾਜ਼ੇ ਤੋਂ 'ਰੋਜ਼ਗਾਰ ਦੀ ਲੋਹੜੀ' ਲੈਣ ਜਾ ਰਹੇ ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਦੇ ਗੁਪਤ ਐਕਸ਼ਨ ਨੂੰ ਪੁਲਸ ਪ੍ਰਸ਼ਾਸਨ ਆਖਰ ਟਾਲਣ ਵਿਚ ਸਫਲ ਰਿਹਾ।ਜ਼ਿਕਰਯੋਗ ਹੈ ਕਿ ਬੀਤੀ 29 ਦਸੰਬਰ ਤੋਂ ਸਥਾਨਕ ਬਾਰਾਂਦਰੀ ਗਾਰਡਨ ਮੂਹਰੇ 'ਪੱਕਾ ਮੋਰਚਾ' ਲਾ ਕੇ ਬੈਠੇ ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਲੋਹੜੀ ਦੇ ਤਿਉਹਾਰ ਮੌਕੇ ਪੁਲਸ ਪ੍ਰਸ਼ਾਸਨ ਨੂੰ ਵਖਤ ਪਾਈ ਰੱਖਿਆ। ਯੂਨੀਅਨ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਤਰਲੋਚਨ ਸਿੰਘ ਨਾਗਰਾ ਨੇ ਦੱਸਿਆ ਕਿ 11-11 ਮੈਬਰਾਂ ਦੇ 2 ਜੱਥੇ ਤਿਆਰ ਕੀਤੇ ਗਏ ਸਨ, ਜਿਹੜੇ ਵੱਖ-ਵੱਖ ਥਾਵਾਂ 'ਤੇ ਬੈਠੇ ਹੋਏ ਸਨ। ਦੂਜੇ ਪਾਸੇ ਸਵੇਰ-ਸਾਰ ਬੇਰੋਜ਼ਗਾਰਾਂ ਦਾ ਖਾਲੀ ਟੈਂਟ ਵੇਖ ਕੇ ਪੁਲਸ ਨੂੰ ਭਾਜੜ ਪੈ ਗਈ ਕਿਉਂਕਿ ਯੂਨੀਅਨ ਨੇ ਗੁਪਤ ਰੂਪ ਵਿਚ ਮੁੱਖ ਮੰਤਰੀ ਦੇ ਮਹਿਲ ਵੱਲ ਕੂਚ ਕਰਨਾ ਸੀ।

ਆਗੂਆਂ ਨੇ ਕਿਹਾ ਕਿ ਆਖਰ ਪ੍ਰਸ਼ਾਸਨ ਸਿਹਤ ਮੰਤਰੀ ਨਾਲ ਕੱਲ ਪੈਨਲ ਮੀਟਿੰਗ ਨਿਸ਼ਚਿਤ ਕਰਵਾਉਣ ਦਾ ਭਰੋਸਾ ਦੇ ਕੇ ਬੇਰੋਜ਼ਗਾਰਾਂ ਨੂੰ ਐੱਸ. ਡੀ. ਐੱਮ ਕੋਲ ਲੈ ਗਿਆ ਪਰ ਬੇਰੋਜ਼ਗਾਰ ਮੀਟਿੰਗ ਦੇ ਨਾਲ-ਨਾਲ 'ਰੋਜ਼ਗਾਰ ਦੀ ਲੋਹੜੀ' 'ਤੇ ਬਜ਼ਿਦ ਸਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਇਸ ਉਪਰੰਤ ਪੁਲਸ ਪ੍ਰਬੰਧਾਂ ਹੇਠ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਮਹਿਲ ਅੱਗੇ 'ਰੋਜ਼ਗਾਰ ਦੀ ਲੋਹੜੀ' ਦਿਵਾਉਣ ਲਈ ਲੈ ਗਿਆ। ਮਹਿਲ ਕੋਲ ਜਾ ਕੇ ਰੋਜ਼ਗਾਰ ਦੀ ਮੰਗ ਕਰਦਿਆਂ ਉਨ੍ਹਾਂ 'ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ' ਦੇ ਨਾਅਰੇ ਲਾਏ।

ਆਗੂ ਨਾਗਰਾ ਨੇ ਦੱਸਿਆ ਕਿ ਯੂਨੀਅਨ ਨੇ ਪੈਨਲ ਮੀਟਿੰਗ ਅਤੇ ਮਹਿਲ ਤੱਕ ਲਿਜਾਏ ਜਾਣ ਉਪਰੰਤ ਸਹਿਮਤੀ ਕਰ ਕੇ 'ਪੱਕਾ ਮੋਰਚਾ' ਜਿਉਂ ਦਾ ਤਿਉਂ ਜਾਰੀ ਰੱਖਣ ਦਾ ਐਲਾਨ ਕੀਤਾ। ਬੇਰੋਜ਼ਗਾਰ ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਿਹਤ ਵਿਭਾਗ ਵਿਚ ਖਾਲੀ ਪਈਆਂ ਹੈਲਥ ਵਰਕਰਾਂ ਦੀਆਂ ਸਾਰੀਆਂ ਅਸਾਮੀਆਂ ਉੱਪਰ ਉਮਰ ਹੱਦ ਵਿਚ ਛੋਟ ਦੇ ਕੇ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਦੋਂ ਤੱਕ ਬੇਰੋਜ਼ਗਾਰਾਂ ਦੀ ਭਰਤੀ ਨਹੀਂ ਕੀਤੀ ਜਾਂਦੀ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹਰਵਿੰਦਰ ਥੂਹੀ, ਦਵਿੰਦਰ ਸਿੰਘ, ਅਮਰੀਕ ਸਿੰਘ, ਪੰਜਾਬ ਸਿੰਘ, ਜਸਮੇਲ ਸਿੰਘ, ਤਰਸੇਮ ਸਿੰਘ, ਜਸਕਰਨ ਸਿੰਘ, ਹਰਕੀਰਤ ਸਿੰਘ, ਜਸਪਾਲ ਸਿੰਘ ਘੁੰਮਣ, ਤਰਸੇਮ ਸਿੰਘ ਭੁੱਚੋ ਅਤੇ ਪ੍ਰੇਮਜੀਤ ਕੁਮਾਰ ਪੱਪੂ ਬਾਲਿਆਂਵਾਲੀ ਆਦਿ ਹਾਜ਼ਰ ਸਨ।

Shyna

This news is Content Editor Shyna