ਪੰਜਾਬ ''ਚ ''ਟਿੱਡੀ ਦਲ'' ਨੂੰ ਲੈ ਕੇ ਰੈੱਡ ਅਲਰਟ, 5-6 ਵਾਰ ਦਾਖਲ ਹੋਣ ਦੀ ਕਰ ਚੁੱਕੈ ਕੋਸ਼ਿਸ਼

05/29/2020 2:48:00 PM

ਲੁਧਿਆਣਾ (ਸਲੂਜਾ) : ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਇਸ ਸਮੇਂ ਪੰਜਾਬ ਰੈੱਡ ਅਲਰਟ 'ਤੇ ਹੈ। ਇਸ ਦੌਰਾਨ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਇਹ ਖੁਲਾਸਾ ਕੀਤਾ ਹੈ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਨਾਲ ਲੱਗਦੀ ਰਾਜਸਥਾਨ ਸਰਹੱਦ ਦੇ ਮਾਧਿਅਮ ਰਾਹੀਂ ਪੰਜਾਬ 'ਚ 5-6 ਵਾਰ ਟਿੱਡੀ ਦਲ ਦਾਖਲ ਹੋਣ ਦੀ ਨਾਕਾਮ ਕੋਸ਼ਿਸ਼ ਕਰ ਚੁੱਕਾ ਹੈ ਪਰ ਹਰ ਵਾਰ ਹੀ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਅਤੇ ਹੋਰ ਮਹਿਕਮਿਆਂ ਦੇ ਸਹਿਯੋਗ ਨਾਲ ਇਸ ਨੂੰ ਨਾਕਾਮ ਕਰ ਦਿੱਤਾ। ਇਸ ਸਮੇਂ ਵੀ ਇਸ ਘਾਤਕ ਟਿੱਡੀ ਦਲ ਦੀ ਹਰ ਗਤੀਵਿਧੀ 'ਤੇ ਮਹਿਕਮੇ ਨੇ ਆਪਣੀ ਪੈਨੀ ਨਜ਼ਰ ਰੱਖੀ ਹੋਈ ਹੈ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਾਅਦ ਹੁਣ ਪੰਜਾਬ 'ਚ ਟਿੱਡੀ ਦਲ ਦਾ ਹਮਲਾ, ਖੇਤੀਬਾੜੀ ਮਹਿਕਮੇ ਦੀਆਂ ਤਿਆਰੀਆਂ ਨਾਕਾਫੀ

ਡਾ. ਬੈਨੀਪਾਲ ਨੇ ਦੱਸਿਆ ਕਿ ਪੰਜਾਬ ਦੇ ਫਿਰੋਜ਼ਪੁਰ, ਫਾਜ਼ਿਲਕਾ ਅਤੇ ਤਰਨਤਾਰਨ ਇਲਾਕਿਆਂ 'ਚ ਟਿੱਡੀ ਦਲ ਦੇ ਹਮਲੇ ਦਾ ਖਤਰਾ ਸੂਬੇ ਦੇ ਹੋਰ ਸ਼ਹਿਰਾਂ ਅਤੇ ਪਿੰਡਾਂ ਨਾਲੋਂ ਜ਼ਿਆਦਾ ਬਣਿਆ ਹੋਇਆ ਹੈ। ਉਨ੍ਹਾਂ ਨੇ ਪੰਜਾਬ ਭਰ ਦੇ ਕਿਸਾਨਾਂ ਨੂੰ ਸੁਚੇਤ ਰਹਿਣ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਬਿਲਕੁਲ ਘਬਰਾਉਣ ਨਾ ਕਿਉਂਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਮਹਿਕਮਾ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਨੇ ਦੱਸਿਆ ਕਿ ਟਿੱਡੀ ਦਲ ਦੇ ਹਮਲੇ ਦੇ ਮੱਦੇਨਜ਼ਰ ਲੁਧਿਆਣਾ ਸਮੇਤ ਹਰ ਜ਼ਿਲ੍ਹੇ 'ਚ ਕਿਸਾਨਾਂ ਲਈ ਬਕਾਇਦਾ ਹੈਲਪ ਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ। ਇਹ ਹੈਲਪ ਲਾਈਨ ਨੰਬਰ ਜ਼ਿਲਾ ਖੇਤੀਬਾੜੀ ਦਫਤਰਾਂ ਦੇ ਲੈਂਡਲਾਈਨ ਨੰਬਰ ਅਤੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀਆਂ ਦੇ ਮੋਬਾਇਲ ਨੰਬਰ ਹਨ।

ਇਹ ਵੀ ਪੜ੍ਹੋ : ਜ਼ਿਲ੍ਹੇ 'ਚ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਸਾਰੇ ਪ੍ਰਬੰਧ ਮੁਕੰਮਲ

ਇਨ੍ਹਾਂ 'ਤੇ ਕਿਸੇ ਵੀ ਸਮੇਂ ਕਿਸਾਨ ਸੂਚਿਤ ਕਰ ਸਕਦੇ ਹਨ। ਡਾ. ਬੈਨੀਪਾਲ ਨੇ ਦੱਸਿਆ ਕਿ ਕਿਸਾਨਾਂ ਦੀ ਮਦਦ ਲਈ ਖੇਤੀਬਾੜੀ ਮਹਿਕਮੇ ਦੇ ਫੀਲਡ ਅਫਸਰ ਹਰ ਸਮੇਂ ਮੁਹੱਈਆ ਹਨ। ਡਾ. ਬੈਨੀਪਾਲ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਇਸ ਵਾਰ ਫਿਰ ਟਿੱਡੀ ਦਲ ਪੰਜਾਬ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਸਰਹੱਦ 'ਤੇ ਹੀ ਖਤਮ ਕਰ ਦਿੱਤਾ ਜਾਵੇਗਾ। ਇਸ ਦਲ ਨੂੰ ਇਕ ਰਾਤ ਵੀ ਕੱਟਣ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਪੱਧਰ 'ਤੇ ਨੁਕਸਾਨ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਨੇ ਹੋਰ ਮਹਿਕਮਿਆਂ ਨਾਲ ਮਿਲ ਕੇ ਫੌਜ ਪੱਧਰ 'ਤੇ ਤਿਆਰੀਆਂ ਕੀਤੀਆਂ ਹੋਈਆਂ ਹਨ। ਇਸ ਲਈ ਕਿਸਾਨ ਸਿਰਫ ਸਹਿਯੋਗ ਕਰਨ ਲਈ ਤਿਆਰ ਰਹਿਣ। 
ਇਹ ਵੀ ਪੜ੍ਹੋ : ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਘਬਰਾਉਣ ਦੀ ਨਹੀਂ, ਸਗੋਂ ਸੁਚੇਤ ਰਹਿਣ ਦੀ ਲੋੜ : ਡਿਪਟੀ ਕਮਿਸ਼ਨਰ
 


Babita

Content Editor

Related News