ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੇ ਮਾਹੋਰਾਣਾ ਵਿਖੇ ਕੀਤੀ ਮੌਕ ਡਰਿੱਲ

07/03/2020 1:27:15 PM

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ): ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਅੱਜ ਸਬ-ਡਵੀਜ਼ਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਦੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵਿਕਰਮਜੀਤ ਪਾਂਥੇ ਐੱਸ.ਡੀ.ਐੱਮ. ਮਾਲੇਰਕੋਟਲਾ ਦੀ ਅਗਵਾਈ ਹੇਠ ਪਿੰਡ ਮਾਹੋਰਾਣਾ ਵਿਖੇ ਮੌਕ ਡਰਿੱਲ ਕੀਤੀ ਗਈ। ਮੌਕ ਡਰਿੱਲ ਤੋਂ ਪਹਿਲਾਂ ਸਮੂਹ ਵਿਭਾਗਾਂ ਨੂੰ ਟਿੱਡੀ ਦਲ ਦੇ ਅਚਾਨਕ ਹਮਲੇ ਦੀ ਸੂਰਤ 'ਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਦੱਸਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪਾਂਥੇ ਨੇ ਦੱਸਿਆ ਕਿ ਰਾਜਸਥਾਨ 'ਚ ਇਸ ਟਿੱਡੀ ਦਲ ਨੇ ਕਾਫੀ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਦੇ ਸੰਭਾਵਿਤ ਹਮਲੇ ਦੀ ਸੂਰਤ 'ਚ ਵੱਖ-ਵੱਖ ਵਿਭਾਗਾਂ 'ਚ ਖੇਤੀਬਾੜੀ ਵਿਭਾਗ ਦੀ ਅਗਵਾਈ ਹੇਠ ਆਪਸੀ ਤਾਲਮੇਲ ਕਾਇਮ ਕਰਨ ਲਈ ਅੱਜ ਇਕ ਮੌਕ ਡਰਿੱਲ ਕੀਤੀ ਗਈ। ਇਸ ਮੌਕ ਡਰਿੱਲ ਦੌਰਾਨ ਜਿਥੇ ਨਗਰ ਕੌਂਸਲ ਮਾਲੇਰਕੋਟਲਾ ਦੇ ਫਾਇਰ ਟੈਂਡਰ ਅਤੇ ਕਿਸਾਨਾਂ ਵੱਲੋਂ ਆਪਣੇ ਆਪਣੇ ਟਰੈਕਟਰਾਂ ਰਾਹੀਂ ਟਿੱਡੀਆਂ ਉਪਰ ਸਪਰੇਅ ਕਰਨ ਦੀ ਰਿਹਰਸਲ ਕੀਤੀ ਗਈ ਉਥੇ ਹੀ ਬਾਕੀ ਵਿਭਾਗਾਂ ਵੱਲੋਂ ਵੀ ਆਪਣੀ ਭੂਮਿਕਾ ਨਿਭਾਈ ਗਈ। ਸ਼੍ਰੀ ਪਾਂਥੇ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਸਮੂਹ ਵਿਭਾਗ ਚੌਕਸ ਰਹਿਣ।

ਪੰਜਾਬ 'ਚ ਟਿੱਡੀ ਦਲ ਦੇ ਹਮਲੇ ਦਾ ਫਿਲਹਾਲ ਕੋਈ ਖਤਰਾ ਨਹੀਂ : ਖੇਤੀਬਾੜੀ ਅਫਸਰ
ਇਸ ਮੌਕੇ ਹਰੀਪਾਲ ਸਿੰਘ ਖੇਤੀਬਾੜੀ ਅਫਸਰ ਮਾਲੇਰਕੋਟਲਾ ਨੇ ਦੱਸਿਆ ਕਿ ਫਿਲਹਾਲ ਪੰਜਾਬ 'ਚ ਟਿੱਡੀ ਦਲ ਦੇ ਹਮਲੇ ਦਾ ਕੋਈ ਖਤਰਾ ਨਹੀਂ ਪਰੰਤੂ ਪੰਜਾਬ ਦੇ ਗੁਆਂਢੀ ਰਾਜਾਂ ਰਾਜਸਥਾਨ ਅਤੇ ਹਰਿਆਣਾ 'ਚ ਇਸ ਟਿੱਡੀ ਦਲ ਨੇ ਕਾਫੀ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਨੂੰ ਮੁੱਖ ਰੱਖਦੇ ਹੋਏ ਅਹਿਤਿਆਤ ਵਜੋਂ ਸਬ ਡਵੀਜ਼ਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ 'ਚ ਸਮੂਹ ਵਿਭਾਗਾਂ ਨੂੰ ਅਲਰਟ ਉਪਰ ਰੱਖਿਆ ਗਿਆ ਹੈ ਤਾਂ ਜੋ ਟਿੱਡੀ ਦਲ ਦੇ ਅਜਿਹੇ ਕਿਸੇ ਵੀ ਸੰਭਾਵਿਤ ਹਮਲੇ ਸਮੇਂ ਵੱਖ ਵੱਖ ਵਿਭਾਗਾਂ ਵਲੋਂ ਆਪਸੀ ਤਾਲਮੇਲ ਕਰਦੇ ਹੋਏ। ਇਨ੍ਹਾਂ ਟਿੱਡੀਆਂ ਉਪਰ ਕਾਬੂ ਪਾਇਆ ਜਾ ਸਕੇ ਅਤੇ ਫਸਲਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਟਿੱਡੀ ਦਲ ਆਉਣ ਸਮੇਂ ਘਬਰਾਉਣ ਦੀ ਕੋਈ ਲੋੜ ਨਹੀਂ। ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਟਿੱਡੀ ਦਲ ਦੇ ਆਉਣ/ਦਿਸਣ ਅਤੇ ਬੈਠਣ ਵਾਲੀ ਥਾਂ ਦੀ ਜਾਣਕਾਰੀ ਤੁਰੰਤ ਖੇਤੀਬਾੜੀ ਵਿਭਾਗ ਨੂੰ ਦਿੱਤੀ ਜਾਵੇ ਅਤੇ ਪੀਪੇ ਖੜਕਾ ਕੇ ਅਤੇ ਉੱਚੀ ਆਵਾਜ਼ 'ਚ ਸਾਊਂਡ ਸਿਸਟਮ ਨਾਲ ਟਿੱਡੀਆਂ ਨੂੰ ਫਸਲਾਂ ਤੋਂ ਬੈਠਣ ਤੋਂ ਰੋਕਿਆ ਜਾਵੇ। ਸ਼੍ਰੀ ਹਰੀਪਾਲ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਸ਼ਾਮ ਤੋਂ ਸਵੇਰ ਹੋਣ ਤੱਕ ਫਸਲਾਂ 'ਚ ਛਿਪ ਕੇ ਬੈਠਦਾ ਹੈ ਅਤੇ ਫਸਲਾਂ ਦਾ ਨੂਕਸਾਨ ਕਰਦਾ ਹੈ। ਇਸ ਲਈ ਇਸ ਨੂੰ ਰੋਕਣ ਲਈ ਰਾਤ ਸਮੇਂ ਹੀ ਖੇਤਾਂ ਵਿਚ ਸਪਰੇਅ ਕੀਤੀ ਜਾ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਹਿਮਦਗੜ੍ਹ, ਕੁਲਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ ਮਾਲੇਰਕੋਟਲਾ, ਜੈਸਮੀਨ ਸਿੱਧੂ ਖੇਤੀਬਾੜੀ ਵਿਕਾਸ ਅਫਸਰ ਮਾਲੇਰਕੋਟਲਾ, ਕੁਲਦੀਪ ਕੌਰ ਸਬ ਇੰਸਪੈਕਟਰ, ਦਲਜੀਤ ਰਮਨ ਸਿੰਘ ਏ.ਟੀ.ਐਮ, ਮਨਵੀਰ ਸਿੰਘ ਏ.ਟੀ.ਐਮ. ਆਦਿ ਵੀ ਮੌਜੂਦ ਸਨ।

Shyna

This news is Content Editor Shyna