ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਐੱਸ. ਡੀ. ਐੱਮ. ਨੇ ਲਿਆ ਤਿਆਰੀਆਂ ਦਾ ਜਾਇਜ਼ਾ

06/05/2020 5:12:01 PM

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ): ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਐੱਸ.ਡੀ.ਐੱਮ. ਬਿਕਰਮਜੀਤ ਸਿੰਘ ਪਾਂਥੇ ਨੇ ਸਬ ਡਵੀਜ਼ਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਂਥੇ ਨੇ ਹਦਾਇਤ ਕੀਤੀ ਕਿ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਵੇਖਦਿਆਂ ਆਮ ਲੋਕਾਂ, ਵਿਸ਼ੇਸ਼ ਤੌਰ 'ਤੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਪ੍ਰੋਗਰਾਮ ਦੇ ਨੋਡਲ ਅਫਸਰ ਖੇਤੀਬਾੜੀ ਅਫਸਰ ਮਾਲੇਰਕੋਟਲਾ ਹੋਣਗੇ ਅਤੇ ਸਮੂਹ ਵਿਭਾਗ ਆਪਣੇ-ਆਪਣੇ ਦਫਤਰ 'ਚ ਇਸ ਸਬੰਧੀ ਇਕ ਟੀਮ ਬਣਾਉਣਗੇ ਅਤੇ ਨੋਡਲ ਅਫਸਰ ਨਿਯੁਕਤ ਕਰਨਗੇ।

ਪਾਂਥੇ ਨੇ ਦੱਸਿਆ ਕਿ ਟਿੱਡੀਆਂ ਦਾ ਹਮਲਾ ਹੋਣ ਦੀ ਸੂਰਤ 'ਚ ਪਿੰਡਾਂ 'ਚ ਬੀ.ਡੀ.ਪੀ.ਓਜ਼ ਅਤੇ ਸ਼ਹਿਰ 'ਚ ਕਾਰਜ ਸਾਧਕ ਅਫਸਰ ਤੁਰੰਤ ਖੇਤੀਬਾੜੀ ਅਫਸਰ ਨਾਲ ਤਾਲਮੇਲ ਕਰਦੇ ਹੋਏ ਟਿੱਡੀਆਂ ਦੇ ਹਮਲੇ ਨੂੰ ਰੋਕਣ ਲਈ ਤੁਰੰਤ ਐਕਸ਼ਨ ਲੈਣਗੇ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਸਪਰੇਅ, ਛਿੜਕਾਅ ਵਾਲੇ ਪੰਪ, ਫਲੱਡ ਲਾਇਟਾਂ, ਪਾਣੀ, ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਲਾਊਡ ਸਪੀਕਰ, ਜਨਰੇਟਰ, ਪੀਪੇ ਆਦਿ ਦਾ ਅਗਾਊਂ ਪ੍ਰਬੰਧ ਕਰ ਲਿਆ ਜਾਵੇ।

ਪਾਂਥੇ ਨੇ ਕਿਹਾ ਕਿ ਟਿੱਡੀ ਦਲ ਆਉਣ ਸਮੇਂ ਕੋਈ ਘਬਰਾਉਣ ਦੀ ਲੋੜ ਨਹੀਂ। ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜੇਕਰ ਟਿੱਡੀ ਦਲ ਦੇ ਆਉਣ/ਦਿਸਣ ਅਤੇ ਬੈਠਣ ਵਾਲੀ ਥਾਂ ਦੀ ਜਾਣਕਾਰੀ ਤੁਰੰਤ ਖੇਤੀਬਾੜੀ ਵਿਭਾਗ ਨੂੰ ਦਿੱਤੀ ਜਾਵੇ। ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਆਪਣੇ ਸਪਰੇਅ ਪੰਪ (ਟਰੈਕਟਰ ਤੇ ਪਿੱਠੂ) ਹਰ ਸਮੇਂ ਚਾਲੂ ਹਾਲਤ 'ਚ ਰੱਖੇ ਜਾਣ ਅਤੇ ਕੰਟਰੋਲ ਆਪ੍ਰੇਸ਼ਨ ਦੌਰਾਨ ਸਪਰੇਅ ਲਈ ਲੋੜੀਂਦੇ ਪਾਣੀ ਲਈ ਆਪਣੇ-ਆਪਣੇ ਟਿਊਬਵੈੱਲਾਂ 'ਤੇ ਪ੍ਰਬੰਧ ਕਰ ਲਿਆ ਜਾਵੇ। ਉਨ੍ਹਾਂ ਨੇ ਮੀਟਿੰਗ 'ਚ ਹਾਜ਼ਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਫਾਇਰ ਟੈਂਡਰ ਅਤੇ ਸਪਰੇਅ ਪੰਪ ਹਰ ਸਮੇਂ ਲਈ ਚਾਲੂ ਹਾਲਤ 'ਚ ਰੱਖੇ ਜਾਣ।ਪਾਂਥੇ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਫਲੱਡ ਲਾਇਟ ਅਤੇ ਜਨਰੇਟਰ ਸਮੇਤ ਟਰੈਕਟਰ ਤਿਆਰ ਬਰ ਤਿਆਰ ਰੱਖਣ ਲਈ ਕਿਹਾ ਤਾਂ ਜੋ ਲੋੜ ਪੈਣ 'ਤੇ ਰਾਤ ਸਮੇਂ ਇਨ੍ਹਾਂ ਦੀ ਵਰਤੋਂ ਨਾਲ ਟਿੱਡੀਆਂ ਦੇ ਹਮਲੇ ਨੂੰ ਨਾਕਾਮ ਕੀਤਾ ਜਾ ਸਕੇ।

Shyna

This news is Content Editor Shyna