ਤਾਲਾਬੰਦੀ ਨੇ ਲਈ ਵਿਆਹੁਤਾ ਦੀ ਜਾਨ

06/19/2020 1:44:16 AM

ਤਲਵੰਡੀ ਭਾਈ,(ਗੁਲਾਟੀ)- ਫਿਰੋਜ਼ਪੁਰ-ਲੁਧਿਆਣਾ ਰੇਲ ਮਾਰਗ 'ਤੇ ਪਿੰਡ ਹਰਾਜ ਵਿਖੇ ਬੀਤੀ ਰਾਤ ਇਕ ਵਿਆਹੁਤਾ ਔਰਤ ਵਲੋਂ ਤਾਲਾਬੰਦੀ ਤੋਂ ਪੈਦਾ ਹੋਏ ਹਾਲਤਾਂ ਕਰਕੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਮਾਲਗੱਡੀ ਹੇਠਾ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਸਰਬਜੀਤ ਕੌਰ ਪਤਨੀ ਗੁਰਮੀਤ ਸਿੰਘ ਪਿੰਡ ਹਰਾਜ ਵਜੋਂ ਹੋਈ ਹੈ। ਇਸ ਸਬੰਧ 'ਚ ਰੇਲਵੇ ਪੁਲਸ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਬੀਤੀ ਰਾਤ ਕਰੀਬ 12 ਵਜੇ ਫਿਰੋਜ਼ਪੁਰ ਤੋਂ ਆ ਰਹੀ ਮਾਲ ਗੱਡੀ ਹੇਠ ਆ ਗਈ ਅਤੇ ਉਸਦੀ ਮੌਕੇ 'ਤੇ ਮੌਤ ਹੋ ਗਈ।

ਪੁਲਸ ਪਾਰਟੀ ਵਲੋਂ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਇਸ ਸਬੰਧੀ ਮ੍ਰਿਤਕ ਔਰਤ ਦੇ ਪਤੀ ਗੁਰਮੀਤ ਸਿੰਘ ਨੇ ਪੁਲਸ ਕੋਲੇ ਆਪਣੇ ਬਿਆਨ ਕਲਮਬੰਦ ਕਰਵਾਉਂਦਿਆਂ ਦੱਸਿਆ ਕਿ ਉਹ ਇਲੈਕਟਰੋ ਹੋਮਿਓਪੈਕਿ ਦਵਾਈਆਂ ਦਾ ਕੰਮ ਕਰਦਾ ਹੈ ਅਤੇ ਤਾਲਾਬੰਦੀ ਕਾਰਣ ਉਸਦਾ ਕੰਮ ਸਹੀ ਢੰਗ ਨਾਲ ਨਾ ਚੱਲਣ ਕਾਰਣ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਦਕਿ ਉਨ੍ਹਾਂ ਦੇ ਦੋ ਬੱਚੇ ਸ਼ਹੀਦ ਗੰਜ ਪਬਲਿਕ ਸਕੂਲ ਵਿਖੇ ਪੜ੍ਹਦੇ ਸਨ ਤੇ ਉਨ੍ਹਾਂ ਦਾ ਸਕੂਲ ਬਦਲਿਆ ਜਾਣਾ ਸੀ, ਜਿਸਦੇ ਚੱਲਦਿਆਂ ਉਸਦੀ ਪਤਨੀ ਸਰਬਜੀਤ ਕੌਰ ਕੁਝ ਦਿਨਾਂ ਤੋਂ ਪ੍ਰੇਸ਼ਾਨ ਚੱਲੀ ਆ ਰਹੀ ਸੀ। ਜਿਸ ਕਾਰਣ ਉਸਨੇ ਰਾਤ ਸਮੇਂ ਘਰੋਂ ਜਾ ਕੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ। ਏ.ਐੱਸ. ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਵਲੋਂ ਦਿੱਤੇ ਬਿਆਨਾਂ ਦੇ ਅਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਲਈ ਫ਼ਿਰੋਜ਼ਪੁਰ ਭੇਜਿਆ ਜਾ ਰਿਹਾ ਹੈ।
 

Deepak Kumar

This news is Content Editor Deepak Kumar