ਕਰਜ਼ੇ ''ਚ ਡੁੱਬਿਆ ਕਿਸਾਨ ਹੁਣ ''ਦਮਾਮੇ ਮਾਰਨਾ'' ਭੁੱਲਿਆ

04/14/2019 11:21:01 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ, 13 ਅਪ੍ਰੈਲ (ਬਾਵਾ, ਜਗਸੀਰ )—ਉਹ ਵੀ ਸਮਾਂ ਸੀ, ਜਦੋਂ ਪੰਜਾਬ ਦਾ ਕਿਸਾਨ ਆਰਥਕ ਪੱਖੋਂ ਖੁਸ਼ਹਾਲ ਸੀ, ਉਹ ਬੜੇ ਚਾਵਾਂ ਤੇ ਮਲਾਰਾਂ ਨਾਲ ਬੇਫਿਕਰੀ ਦੇ ਆਲਮ 'ਚੋਂ ਲੰਘਦਾ ਹੱਥ 'ਚ ਡਾਂਗ ਫੜ ਤੇ ਸਿਰ 'ਤੇ ਛਮਲੇ ਵਾਲੀ ਪੱਗ ਬੰਨ੍ਹ ਕੇ ਵਿਸਾਖੀ ਦਾ ਮੇਲਾ ਵੇਖਣ ਜਾਇਆ ਕਰਦਾ ਸੀ। ਉਸ ਸਮੇਂ ਦੇ ਖੁਸ਼ਹਾਲ ਕਿਸਾਨ ਦੀ ਫੱਬਤ ਦਰਸ਼ਨੀ ਹੋਇਆ ਕਰਦੀ ਸੀ। ਮੇਲੇ ਜਾਂਦੇ ਜੱਟਾਂ ਦੀ ਟੌਹਰ ਵੇਖ ਕੇ ਪੰਜਾਬੀ ਦੇ ਸਿਰਮੌਰ ਕਵੀ ਧਨੀ ਰਾਮ ਚਾਤਰਿਕ ਨੇ ਲਿਖਿਆ ਸੀ ਕਿ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ' ਪਰ ਦੇਸ਼ ਨੂੰ ਆਜ਼ਾਦ ਹੋਣ ਦੇ 7 ਦਹਾਕਿਆਂ ਤੋਂ ਵੀ ਵੱਧ ਬੀਤ ਜਾਣ 'ਤੇ ਸਮੇਂ ਦੀਆਂ ਸਰਕਾਰਾਂ ਨੇ ਖੇਤੀ ਸਬੰਧੀ ਤੇ ਕਿਸਾਨਾਂ ਨੂੰ ਲਾਭ ਦੇਣ ਲਈ ਕੋਈ ਯੋਗ ਖੇਤੀ ਨੀਤੀ ਨਹੀਂ ਬਣਾਈ, ਜਿਸ ਕਾਰਨ ਕਿਸਾਨੀ ਡਾਵਾਂਡੋਲ ਹੋ ਰਹੀ ਹੈ। ਸਰਕਾਰ ਵੱਲੋਂ ਸਿਰਫ਼ ਵੋਟ ਬੈਂਕ ਵਧਾਉਣ ਲਈ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਜਦਕਿ ਲੋੜ ਹੈ ਕਿਸਾਨਾਂ ਦੀ ਬਾਂਹ ਫੜਨ ਦੀ ਅਤੇ ਉਨ੍ਹਾਂ ਨੂੰ ਸਹਾਰਾ ਦੇਣ ਦੀ। ਅੱਜ ਦੇਸ਼ ਦਾ ਅੰਨਦਾਤਾ ਕਹਿਲਾਉਣ ਵਾਲੇ ਕਿਸਾਨਾਂ ਦੀ ਹਾਲਤ ਮੰਗਤਿਆਂ ਵਰਗੀ ਹੋ ਚੁੱਕੀ ਹੈ। ਕਰਜ਼ੇ ਕਾਰਨ ਕਈ ਕਿਸਾਨਾਂ ਦੀਆਂ ਜ਼ਮੀਨਾਂ, ਘਰ, ਖੇਤੀ ਸੰਦ ਆਦਿ ਵਿਕ ਚੁੱਕੇ ਹਨ ਤੇ ਉਹ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਪੰਜਾਬ ਦੇ 22 ਜ਼ਿਲਿਆਂ 'ਚੋਂ ਇਕ ਵੀ ਅਜਿਹਾ ਜ਼ਿਲਾ ਨਹੀਂ ਹੈ, ਜਿੱਥੇ ਕਿਸਾਨਾਂ ਨੇ ਖੁਦਕੁਸ਼ੀਆਂ ਨਾ ਕੀਤੀਆਂ ਹੋਣ।

ਕੁਦਰਤੀ ਆਫਤਾਂ ਦੀ ਕਿਸਾਨਾਂ ਨੂੰ ਝੱਲਣੀ ਪੈਂਦੀ ਹੈ ਮਾਰ
ਕੁਦਰਤੀ ਆਫ਼ਤਾਂ ਦੀ ਵੀ ਕਿਸਾਨਾਂ ਨੂੰ ਵੱਡੀ ਮਾਰ ਝੱਲਣੀ ਪੈਂਦੀ ਹੈ। ਕਦੇ ਮੀਂਹ ਕਦੇ ਸੋਕੇ, ਕਦੇ ਤੇਜ਼ ਹਵਾਵਾਂ, ਝੱਖੜ, ਤੂਫਾਨ ਅਤੇ ਕਦੇ ਪੱਕੀਆਂ ਫ਼ਸਲਾਂ 'ਤੇ ਗੜੇਮਾਰੀ ਜਾਂ ਅੱਗ ਦੀ ਮਾਰ ਪੈ ਜਾਂਦੀ ਹੈ। ਕਰੀਬ ਹਰ ਸਾਲ ਹੀ ਕਿਸਾਨਾਂ 'ਤੇ ਅਜਿਹੀਆਂ ਮਾਰਾਂ ਪੈਂਦੀਆਂ ਹਨ। ਸਿਆਸੀ ਲੀਡਰਾਂ ਦੀ ਮਿਲੀਭੁਗਤ ਨਾਲ ਕੀਟਨਾਸ਼ਕ ਦਵਾਈਆਂ 'ਚ ਮਿਲਾਵਟ ਕਰ ਦਿੱਤੀ ਜਾਂਦੀ ਹੈ। ਕਈ ਵਾਰ ਨਕਲੀ ਬੀਜ ਕਿਸਾਨਾਂ ਨੂੰ ਦੇ ਦਿੱਤੇ ਜਾਂਦੇ ਹਨ। ਕਦੇ ਯੂਰੀਆ ਖਾਦ ਅਤੇ ਡੀ. ਏ. ਪੀ. ਖਾਦਾਂ ਮਿਲਣੀਆਂ ਬੰਦ ਹੋ ਜਾਂਦੀਆਂ ਹਨ। ਅਜਿਹੇ ਹਾਲਾਤ 'ਚ ਇਨ੍ਹਾਂ ਦੀ ਨਾ ਪ੍ਰਸ਼ਾਸਨ ਮਦਦ ਕਰਦਾ ਹੈ ਅਤੇ ਨਾ ਹੀ ਸਰਕਾਰਾਂ।

ਨਹੀਂ ਮਿਲ ਰਿਹਾ ਫਸਲਾਂ ਦਾ ਪੂਰਾ ਭਾਅ
ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਅਤੇ ਸੂਚਕ ਅੰਕ 'ਤੇ ਵਧੀ ਹੋਈ ਮਹਿੰਗਾਈ ਦੇ ਹਿਸਾਬ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਪੂਰਾ ਭਾਅ ਨਹੀਂ ਮਿਲ ਰਿਹਾ। ਮਿਹਨਤ ਕਿਸਾਨ ਕਰਦੇ ਹਨ, ਮਿੱਟੀ ਨਾਲ ਮਿੱਟੀ ਹੁੰਦੇ ਹਨ ਪਰ ਉਨ੍ਹਾਂ ਦੀਆਂ ਫ਼ਸਲਾਂ ਦੇ ਮੁੱਲ ਆਪਣੀ ਮਨਮਰਜ਼ੀ ਨਾਲ ਕੋਈ ਹੋਰ ਤੈਅ ਕਰਦਾ ਹੈ। ਕਿਸਾਨ ਮੰਡੀਆਂ 'ਚ ਰੁਲ ਰਹੇ ਹਨ ਤੇ ਉਨ੍ਹਾਂ ਦੀ ਲੁੱਟ ਕੀਤੀ ਜਾਂਦੀ ਹੈ।

ਮੇਲੇ ਦੇ ਬਾਦਸ਼ਾਹ ਨੂੰ ਪਈ ਮਹਿੰਗਾਈ ਤੇ ਕਰਜ਼ੇ ਦੀ ਮਾਰ
ਮੇਲਿਆਂ ਦੇ ਬਾਦਸ਼ਾਹ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਐਸੀ ਚੰਦਰੀ ਨਜ਼ਰ ਲੱਗੀ ਕਿ ਅੱਤ ਦੀ ਮਹਿੰਗਾਈ, ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ, ਕਰਜ਼ਾ ਤੇ ਆਪਸੀ ਫੁੱਟ ਨੇ ਇਸ ਦੀਆਂ ਰੀਝਾਂ ਨੂੰ ਗ੍ਰਹਿਣ ਲਾ ਦਿੱਤਾ। ਉਹ ਵਿਚਾਰਾ ਹੋ ਕੇ ਰਹਿ ਗਿਆ। ਕਰਜ਼ੇ ਦੀ ਦਲਦਲ 'ਚ ਧਸਿਆ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਾ ਹੈ। ਕਿਸਾਨ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਬਹੁਤ ਚਿੰਤਤ ਹੈ, ਉਹ ਸੋਚਦਾ ਹੈ ਕਿ ਉਹ ਕਰੇ ਤਾਂ ਕੀ ਕਰੇ ਤੇ ਕਿੱਧਰ ਜਾਵੇ। ਹੁਣ ਉਸ ਨੂੰ ਵਿਸਾਖੀ ਦੀ ਖੁਸ਼ੀ ਵੀ ਖਰਚੇ ਦਾ ਨਾਂ ਮਹਿਸੂਸ ਹੁੰਦੀ ਹੈ ਕਿਉਂਕਿ ਬੱਚਿਆਂ ਦੀ ਮਹਿੰਗੀ ਪੜ੍ਹਾਈ, ਰਹਿਣ-ਸਹਿਣ ਦੇ ਖਰਚੇ, ਮਹਿੰਗੀ ਖੇਤੀ ਆਦਿ ਨੇ ਉਸ ਦੀਆਂ ਖੁਸ਼ੀਆਂ ਖੋਹ ਲਈਆਂ ਹਨ।

ਪੰਜਾਬ ਦੇ ਕਿਸਾਨਾਂ ਸਿਰ ਹੈ ਇਕ ਲੱਖ ਕਰੋੜ ਦਾ ਕਰਜ਼ਾ
ਸਰਕਾਰੀ ਅੰਕੜੇ ਅਨੁਸਾਰ ਪੰਜਾਬ ਦੇ ਕਿਸਾਨਾਂ ਸਿਰ ਇਕ ਲੱਖ ਕਰੋੜ ਦਾ ਕਰਜ਼ਾ ਹੈ। ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਣ ਸਮੇਂ ਇਹ ਕਰਜ਼ਾ 85 ਹਜ਼ਾਰ ਕਰੋੜ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਕਰਜ਼ੇ 'ਚ ਇਕੱਲਾ ਸੂਦਖੋਰਾਂ ਦਾ ਕਰਜ਼ਾ 42 ਹਜ਼ਾਰ ਕਰੋੜ ਹੈ, ਜੇਕਰ ਵੇਖਿਆ ਜਾਵੇ ਤਾਂ ਇਕਾ-ਦੁੱਕਾ ਕਿਸਾਨਾਂ ਨੂੰ ਛੱਡ ਕੇ ਬਾਕੀ ਸਾਰੇ ਕਿਸਾਨ ਹੀ ਕਰਜ਼ੇ ਦੀ ਮਾਰ ਹੇਠ ਹਨ। ਲਗਭਗ ਸਾਰਿਆਂ ਨੇ ਬੈਂਕਾਂ ਤੋਂ ਲਿਮਟਾਂ ਬਣਵਾਈਆਂ ਹੋਈਆਂ ਹਨ। ਵੱਡੀ ਗਿਣਤੀ 'ਚ ਕਿਸਾਨ ਸਹਿਕਾਰੀ ਸਭਾਵਾਂ ਤੋਂ ਪੈਸਾ ਲੈ ਚੁੱਕੇ ਹਨ। ਕਰੀਬ 90 ਫੀਸਦੀ ਕਿਸਾਨਾਂ ਦੀਆਂ ਜ਼ਮੀਨਾਂ ਬੈਂਕਾਂ ਵਾਲਿਆਂ ਕੋਲ ਗਹਿਣੇ ਪਈਆਂ ਹਨ। ਲੱਖਾਂ ਰੁਪਏ ਦਾ ਕਰਜ਼ਾ ਕਿਸਾਨਾਂ ਦੇ ਸਿਰ ਚੜ੍ਹਿਆ ਹੋਇਆ ਹੈ ਅਤੇ ਇਹ ਕਰਜ਼ਾ ਵਾਪਸ ਕਰਨਾ ਹਰੇਕ ਕਿਸਾਨ ਦੇ ਵੱਸ ਦੀ ਗੱਲ ਨਹੀਂ।
 

ਦੇਸ਼ 'ਚ ਹਰ ਰੋਜ਼ 45 ਕਿਸਾਨ ਕਰਦੇ ਹਨ ਖੁਦਕੁਸ਼ੀ
ਪਿਛਲੇ 20 ਸਾਲਾਂ 'ਚ ਦੇਸ਼ ਅੰਦਰ 34,85,38 ਕਿਸਾਨਾਂ ਨੇ ਕਰਜ਼ੇ ਤੇ ਆਰਥਕ ਮੰਦਹਾਲੀ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ। ਪੰਜਾਬ 'ਚ ਇਹ ਗਿਣਤੀ 40 ਹਜ਼ਾਰ ਦੇ ਕਰੀਬ ਹੈ, ਜਿਸ ਦਾ ਮਤਲਬ ਹਰ ਰੋਜ਼ ਦੇਸ਼ 'ਚ 45 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਖੇਤੀ ਮਾਹਰਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਇਸ ਤੋਂ ਕਰੀਬ ਤਿੰਨ ਗੁਣਾ ਵੱਧ ਹੋ ਸਕਦੀ ਹੈ। ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਕਿਸਾਨ ਖੁਸਕੁਸ਼ੀਆਂ ਨਹੀਂ ਕਰਨਗੇ ਪਰ ਕੈਪਟਨ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਵੀ 1000 ਕਿਸਾਨ ਖੁਸਕੁਸ਼ੀਆਂ ਕਰ ਚੁੱਕੇ ਹਨ।


Shyna

Content Editor

Related News