ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਅਤੇ ਮਜਦੂਰਾਂ ਨੇ ਮਾਰਕੀਟ ਕਮੇਟੀ ਅੱਗੇ ਲਗਾਇਆ ਧਰਨਾ

04/29/2021 11:51:58 AM

ਤਪਾ ਮੰਡੀ (ਸ਼ਾਮ,ਗਰਗ): ਸਥਾਨਕ ਤਾਜੋਕੇ ਰੋਡ ਸਥਿਤ ਮੁੱਖ ਯਾਰਡ ’ਚ ਪਈ ਕਰੌੜਾਂ ਰੁਪਏ ਦੀ ਕਣਕ ਦੀ ਲਿਫਟਿੰਗ ਨਾ ਹੋਣ ਬਾਰਦਾਨੇ ਨੂੰ ਹੇਠੋਂ ਉਲੀ ਲੱਗਣ ਕਾਰਨ ਬਦਬੂ ਆਉਣੀ ਸ਼ੁਰੂ ਹੋ ਗਈ ਹੈ, ਜਿਸ ਦੇ ਰੋਸ ਨੂੰ ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਨੇ ਮਾਰਕੀਟ ਕਮੇਟੀ ਦੇ ਦਫਤਰ ਮੂਹਰੇ ਬੋਰੀਆਂ ਨਾਲ ਭਰੇ ਟਰੱਕਾਂ ਨੂੰ ਰੋਕ ਕੇ ਸੂਬਾ ਸਰਕਾਰ ਖ਼ਿਲਾਫ਼ ਧਰਨਾ ਦੇ ਕੇ ਨਾਅਰੇਬਾਜ਼ੀ ਕਰਨ ਦੀ ਜਾਣਕਾਰੀ ਮਿਲੀ ਹੈ। ਧਰਨੇ ਤੇ ਬੈਠੇ ਆੜ੍ਹਤੀਏ ਤਰਸੇਮ ਚੰਦ ਮਹਿਤਾ,ਜਵਾਹਰ ਲਾਲ ਕਾਂਸਲ,ਰਾਜ ਕੁਮਾਰ,ਯੋਗੇਸ਼ ਕੁਮਾਰ,ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਮੁੱਖ ਯਾਰਡ ’ਚ ਲਗਭਗ 1 ਲੱਖ ਗੱਟਾ ਖੁੱਲ੍ਹੇ ਆਸਮਾਨ ਹੇਠਾਂ ਪਿਆ ਹੈ,ਪਰ ਖ਼ਰੀਦ ਏਜੰਸੀਆਂ ਗੂੜ੍ਹੀ ਨੀਂਦ ਸੁੱਤੀਆਂ ਪਈਆਂ ਹਨ। ਮੰਡੀ ਵਿੱਚ ਪਈਆਂ ਹਜ਼ਾਰਾਂ ਬੋਰੀਆਂ ਜਿੱਥੇ ਹੇਠੋਂ ਉੱਲੀ ਲੱਗਣੀ ਸ਼ੁਰੂ ਹੋ ਗਈ ਹੈ, ਉੱਥੇ ਬਾਰਿਸ਼ ਅਤੇ ਧੁੱਪ ਦੇ ਕਾਰਨ ਕਣਕ ਗਲਨੀ ਸ਼ੁਰੂ ਹੋ ਗਈ ਹੈ।

ਇਹ ਪਛਾਣ ਕਰਨੀ ਵੀ ਮੁਸ਼ਕਲ ਹੋ ਗਈ ਹੈ ਕਿ ਕੀ ਇਹ ਇਸ ਸੀਜ਼ਨ ਦੀ ਫਸਲ ਹੈ ਜਾਂ ਫ਼ਿਰ ਇਸ ਨੂੰ ਕਈ ਸਾਲ ਬਾਅਦ ਖੁੱਲ੍ਹੇ ਗੋਦਾਮਾਂ ਵਿੱਚ ਲਿਆ ਕੇ ਮੰਡੀ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਬਾਰਦਾਨੇ ਦੀ ਥੁੜ੍ਹ ਕਾਰਨ ਮੰਡੀ ‘ਚੋਂ 40 ਰੁਪੈ ਪ੍ਰਤੀ ਗੱਟਾ ਲੈ ਕੇ ਆਪਣੇ ਪੱਲੀਉ ਲਗਾਇਆ ਹੈ ਅਤੇ ਕਣਕ ਖ਼ਰਾਬ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੂੰ ਟਰੱਕ ਚਾਲਕਾਂ ਨੂੰ 100-500 ਰੁਪਏ ਬਤੌਰ ਰਿਸ਼ਵਤ ਦੇ ਕੇ ਚੁਕਵਾਉਣਾ ਪੈਂਦਾ ਹੈ। ਉਨ੍ਹਾਂ ਖਰੀਦ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਕਿ ਖ਼ਰਾਬ ਹੋਏ ਬਾਰਦਾਨੇ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਇਸ ਮੌਕੇ ਹਾਜ਼ਰ ਮਜ਼ਦੂਰਾਂ ਰਿੰਕੂ,ਅਜੈ ਕੁਮਾਰ,ਰਵੀ ਕੁਮਾਰ,ਜੀਤਾ ਸਿੰਘ,ਸੱਤ ਪਾਲ,ਮਹੇਸ਼ ਕੁਮਾਰ ਨੇ ਦੱਸਿਆ ਕਿ ਮੰਡੀ ’ਚ ਲਿਫਟਿੰਗ ਨਾ ਹੋਣ ਕਾਰਨ ਉਨ੍ਹਾਂ ਮੰਡੀਆਂ ’ਚ ਪਈਆਂ ਬੋਰੀਆਂ ਦੀ ਨਿਗਰਾਨੀ ਕਰਨੀ ਪੈਂਦੀ ਹੈ, ਰਾਤ ਸਮੇਂ ਗੱਟਿਆਂ ਦੇ ਚੋਰੀ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ ਅਤੇ ਮੱਛਰ ਵੱਢ-ਵੱਢਕੇ ਖਾਂਦਾ ਹੈ।

ਮੌਕੇ ’ਤੇ ਹਾਜ਼ਰ ਕੁਝ ਮਜਦੂਰਾਂ ਦਾ ਇਹ ਵੀ ਕਹਿਣਾ ਹੈ ਕਿ ਹਰ ਰੋਜ਼ ਸਪੈਸ਼ਲ ਲੱਗਣ ਕਾਰਨ ਲਿਫਟਿੰਗ ਦੀ ਵੱਡੀ ਸਮੱਸਿਆ ਦਾ ਕਾਰਨ ਵੀ ਹੈ। ਇਸ ਧਰਨੇ ਬਾਰੇ ਜਦ ਥਾਣਾ ਮੁੱਖੀ ਇੰਸਪੈਕਟਰ ਜਗਜੀਤ ਸਿੰਘ ਘੁੰਮਾਣ ਨੂੰ ਪਤਾ ਲੱਗਾ ਤਾਂ ਉਨ੍ਹਾਂ ਘਟਨਾ ਥਾਂ ਤੇ ਪੁੱਜ ਕੇ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕੀਤਾ ਗਿਆ ਕਿ ਕੋਈ ਵੀ ਆੜਤੀਆਂ ਟਰੱਕ ਵਾਲੇ ਨੂੰ ਰਿਸ਼ਵਤ ਨਹੀਂ ਦੇਵੇਗਾ ਅਤੇ ਰੋਟੇਸ਼ਨ ਅਨੁਸਾਰ ਏਜੰਸੀਆਂ ਮੁੱਖ ਯਾਰਡ ’ਚੋਂ ਮੁਲ ਦੀ ਚੁਕਾਈ ਕਰਵਾਉਣਗੀਆਂ,ਉਨ੍ਹਾਂ ਦੱਸਿਆ ਕਿ ਅੱਜ ਪਨਸਪ,2 ਦਿਨ ਵੇਅਰਹਾਊਸ ਅਤੇ ਤੀਸਰੇ ਦਿਨ ਮਾਰਕਫੈਡ ਆਪਣਾ ਮਾਲ ਚੁਕਾਉਣ ਲਈ ਪਾਬੰਦ ਹੋਣਗੀਆਂ ਕਰਨ ਤੋਂ ਬਾਅਦ ਧਰਨਾ ਚੁੱਕਿਆ ਗਿਆ। 


Shyna

Content Editor

Related News