ਲੋਕਾਂ ਦੇ ਸਹਿਯੋਗ ਨਾਲ ਜਲਦ ਕੋਰੋਨਾ ਨੂੰ ਹਰਾ ਕੇ ਜ਼ਿੰਦਗੀ ਆਮ ਵਾਂਗ ਪਟੜੀ 'ਤੇ ਆਏਗੀ - ਤ੍ਰਿਪਾਠੀ

07/24/2020 7:05:43 PM

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) - ਮਲੇਰਕੋਟਲਾ ਸ਼ਹਿਰ ਅੰਦਰ ਕੋਰੋਨਾਵਾਇਰਸ ਨੂੰ ਹਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਮਲੇਰਕੋਟਲਾ ਸ਼ਹਿਰ ਅੰਦਰ ਰਹਿਨੁਮਾ ਬਣਕੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨੇ ਮਿਸ਼ਨ ਫ਼ਤਹਿ ਨੂੰ ਕਾਮਯਾਬ ਬਣਾ ਕੇ ਕੋਵਿਡ-19 ਦਾ ਖਾਤਮਾ ਕਰਨ ਦਾ ਪ੍ਰਣ ਕੀਤਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ ਤ੍ਰਿਪਾਠੀ ਨੇ ਅੱਜ ਮਲੇਰਕੋਟਲਾ ਸ਼ਹਿਰ ਦੀਆਂ ਮੁਹੱਲਾ ਕਮੇਟੀਆਂ ਵੱਲੋਂ ਘਰ-ਘਰ ਮਿਸ਼ਨ ਫਤਹਿ ਦਾ ਲਿਖਤੀ ਸੁਨੇਹਾ ਪਹੁੰਚਾਉਣ ਅਤੇ ਮਾਸਕ ਵੰਡਣ ਦੇ ਉਲੀਕੇ ਪ੍ਰੋਗਰਾਮ ਤਹਿਤ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆ ਕੀਤਾ।

PunjabKesari

ਸ੍ਰੀ ਤ੍ਰਿਪਾਠੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਜ਼ਿਲ੍ਹੇ ਦੇ ਨਾਲ-ਨਾਲ ਮਲੇਰਕੋਟਲਾ ਸ਼ਹਿਰ ਅੰਦਰ ਸ਼ੁਰੂ ਕੀਤੀ ਲੜੀਵਾਰ ਜਾਗਰੂਕਤਾ ਮੁਹਿੰਮ ਦੀ ਪੂਰੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰੇਕ ਜ਼ਿਲ੍ਹਾ ਵਾਸੀ ਨੂੰ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਬਹੁਤ ਜਲਦ ਕਰੋਨਾ ਨੂੰ ਹਰਾ ਕੇ ਜਿੰਦਗੀ ਆਮ ਵਾਂਗ ਪਟੜੀ ਤੇ ਆਏਗੀ। ਉਨ੍ਹਾਂ ਸ਼ਹਿਰ ਵਾਸੀਆਂ ਦੀ ਭਲਾਈ ਲਈ ਪ੍ਰਸ਼ਾਸਨ ਨਾਲ ਜੁੜ ਕੇ ਇਸ ਲੋਕ ਲਹਿਰ 'ਚ ਯੋਗਦਾਨ ਪਾਉਣ ਵਾਲੀਆਂ ਸਮੂਹ ਵਰਗਾਂ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਜਾਗਰੂਕਤਾ ਮੁਹਿੰਮ 'ਚ ਕੈਬਰਿਜ਼ ਸਕੂਲ ਧੂਰੀ ਦੇ ਪ੍ਰਬੰਧਕ ਸ੍ਰੀ ਮੱਖਣ ਲਾਲ ਵੱਲੋਂ ਹਰੇਕ ਵਾਰਡ ਅੰਦਰ ਪ੍ਰਚਾਰ ਕਰਨ ਲਈ ਗੱਡੀਆ, ਮਾਸਕ ਅਤੇ ਜੈ ਦੁਰਗਾ ਪੇਪਰ ਮਿਲ ਦੇ ਪ੍ਰਬੰਧਕ ਸ੍ਰੀ ਵਿਸ਼ਾਲ ਵੱਲੋਂ ਮਾਸਕ ਮੁਹੱਈਆ ਕਰਵਾਉਣ ਦੀ ਸ਼ਲਾਘਾ ਕੀਤੀ।

PunjabKesari

ਇਸ ਮੌਕੇ ਐਸ.ਡੀ.ਐਮ ਮਲੇਰਕੋਟਲਾ ਵਿਕਰਮਜੀਤ ਪਾਂਥੇ ਨੇ ਦੱਸਿਆ ਕਿ 33 ਮਹੁੱਲਾ ਕਮੇਟੀਆ ਨੇ ਸ਼ਹਿਰ ਦੇ ਸਾਰੇ ਵਾਰਡਾਂ ਅੰਦਰ ਪਹੁੰਚ ਕਰਕੇ ਲੋਕਾਂ ਨੂੰ ਕੋਵਿਡ-19 ਦੇ ਬਚਾਅ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਹਰੇਕ ਮੁਹੱਲਾ ਕਮੇਟੀ ਦੀ ਟੀਮ ਅੰਦਰ ਕਰੀਬ 10 ਨੁਮਾਇੰਦੇ ਜਾਗਰੂਕਤਾ ਅਭਿਆਨ ਦਾ ਹਿੱਸਾ ਬਣੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਘਰਾਂ ਤੋਂ ਬਾਹਰ ਨਿਕਲਣ ਵੇਲੇ ਮਾਸਕ ਪਾਉਣ ਦੀ ਅਪੀਲ ਕੀਤੀ ਅਤੇ ਸਾਮਾਜਿਕ ਦੂਰੀ ਦਾ ਵਿਸ਼ੇਸ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਲਤੀਫ ਅਹਿਮਦ, ਐਸ.ਪੀ ਮਲੇਰਕੋਟਲਾ ਮਨਜੀਤ ਸਿੰਘ ਬਰਾੜ, ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਦੇਵਦਰਸ਼ਦੀਪ ਸਿੰਘ, ਤਹਿਸੀਲਦਾਰ ਬਾਦਲਦੀਨ, ਕਾਰਜਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਤੋਂ ਇਲਾਵਾ ਵੱਖ-ਵੱਖ ਵਰਗਾਂ ਦੇ ਨੁਮਾਇੰਦੇ ਹਾਜ਼ਰ ਸਨ।


Harinder Kaur

Content Editor

Related News