ਪਾਵਰਕਾਮ ਨੇ ਸਰਕਾਰੀ ਥਰਮਲਾਂ ਦੇ 3 ਯੂਨਿਟਾਂ ਤੋਂ ਬਿਜਲੀ ਉਤਪਾਦਨ ਕੀਤਾ ਸ਼ੁਰੂ

01/03/2020 10:29:32 AM

ਲਹਿਰਾ ਮੁਹੱਬਤ (ਮਨੀਸ਼) : ਪਾਵਰਕਾਮ ਨੇ ਨਵੇਂ ਸਾਲ ਦੇ ਸ਼ੁਰੂ ਹੁੰਦਿਆਂ ਹੀ ਪ੍ਰਾਈਵੇਟ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕਰ ਕੇ ਸਰਕਾਰੀ ਥਰਮਲ ਪਲਾਂਟਾਂ ਦੇ 3 ਯੂਨਿਟਾਂ ਤੋਂ ਬਿਜਲੀ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਪਾਸੇ ਲਹਿਰਾ ਥਰਮਲ ਦੇ ਕੱਚੇ ਕਾਮੇ ਆਪਣੇ ਵੱਲੋਂ ਵਿੱਢੇ ਸੰਘਰਸ਼ ਸਦਕਾ ਇਸਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ ਪਰ ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਥਰਮਲ ਪਲਾਂਟ ਬਿਜਲੀ ਉਤਪਾਦਨ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਐੱਨ.ਓ. ਸੀ. ਲੈਣ ਦੀਆਂ ਸ਼ਰਤਾਂ ਪੂਰੀਆਂ ਕਰਨ 'ਚ ਨਾ-ਕਾਮਯਾਬ ਰਹੇ ਹਨ, ਜਿਸ ਕਰ ਕੇ ਅਜਿਹਾ ਹੋਇਆ ਹੈ। ਜਾਣਕਾਰੀ ਮੁਤਾਬਕ ਪਾਵਰਕਾਮ ਨੇ ਗੁਰੂ ਹਰਗੋਬਿਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਸਟੇਜ 1 ਦਾ ਯੂਨਿਟ ਨੰਬਰ 1 ਤੇ ਸਟੇਜ 2 ਦਾ ਯੂਨਿਟ ਨੰਬਰ 3 ਬੀਤੀ 1 ਜਨਵਰੀ ਨੂੰ ਹੀ ਚਾਲੂ ਕੀਤੇ ਹਨ। ਇਸ ਦੇ ਬਦਲੇ 'ਚ ਰਾਜਪੁਰਾ ਥਰਮਲ ਪਲਾਂਟ ਦੇ 1400 ਮੈਗਾਵਾਟ ਪਾਵਰ ਦੇ ਦੋ ਯੂਨਿਟ ਬੰਦ ਕੀਤੇ ਹਨ।

ਜਾਣਕਾਰੀ ਮੁਤਾਬਕ ਇਸ ਸਮੇਂ ਗੁਰੂ ਗੋਬਿੰਦ ਸਿੰਘ ਤਾਪ ਬਿਜਲੀ ਘਰ ਰੋਪੜ ਦੇ ਦੋ ਅਤੇ ਲਹਿਰਾ ਮੁਹੱਬਤ ਦੇ ਦੋ ਯੂਨਿਟਾਂ ਤੋਂ 644 ਮੈਗਾਵਾਟ, ਹਾਈਡਰੋ ਪਾਵਰ ਸਟੇਸ਼ਨ ਤੋਂ 327 ਮੈਗਾਵਾਟ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ 1343 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ। ਪਾਵਰਕਾਮ ਸੂਤਰਾਂ ਮੁਤਾਬਕ ਇਸ ਸਮੇਂ ਬਿਜਲੀ ਦੀ ਮੰਗ 6177 ਮੈਗਾਵਾਟ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਲਹਿਰਾ ਮੁਹੱਬਤ ਦੇ ਸਰਕਾਰੀ ਥਰਮਲ ਪਲਾਂਟ ਦੇ ਜੋ ਯੂਨਿਟ ਚਾਲੂ ਕੀਤੇ ਗਏ ਹਨ, ਉਨ੍ਹਾਂ ਲਈ ਕੋਲਾ ਸਪਲਾਈ ਬੀਤੇ ਦੋ ਮਹੀਨਿਆਂ ਤੋਂ ਬੰਦ ਪਈ ਸੀ।

ਕੀ ਕਹਿੰਦੇ ਹਨ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ
ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਜਗਰੂਪ ਸਿੰਘ ਅਤੇ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਪਾਵਰਕਾਮ ਵਿੱਤੀ ਸੰਕਟ 'ਚ ਹੋਣ ਦੇ ਬਾਵਜੂਦ ਪ੍ਰਾਈਵੇਟ ਥਰਮਲ ਪਲਾਂਟ ਤੋਂ ਮਹਿੰਗੇ ਭਾਅ ਦੀ ਬਿਜਲੀ ਖਰੀਦ ਰਿਹਾ ਹੈ ਜਦੋਂ ਕਿ ਘੱਟ ਰੇਟ 'ਤੇ ਬਿਜਲੀ ਦੀ ਪੈਦਾਵਾਰ ਕਰਨ ਵਾਲੇ ਆਪਣੇ ਸਰਕਾਰੀ ਥਰਮਲ ਪਲਾਂਟ ਬੰਦ ਕਰੀ ਬੈਠਾ ਹੈ। ਉਨ੍ਹਾਂ ਸਰਕਾਰੀ ਥਰਮਲ ਪਲਾਂਟ ਦੇ 3 ਯੂਨਿਟ ਚਲਾਏ ਜਾਣ 'ਤੇ ਕਿਹਾ ਕਿ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਬੂਰ ਪਿਆ ਹੈ। ਉਨ੍ਹਾਂ ਬਿਜਲੀ ਐਕਟ 2003 ਰੱਦ ਕਰਨ ਦੀ ਵੀ ਮੰਗ ਕੀਤੀ।

ਕੀ ਕਹਿਣਾ ਹੈ ਪਾਵਰਕਾਮ ਚੇਅਰਮੈਨ ਦਾ
ਇਸ ਮਾਮਲੇ ਸਬੰਧੀ ਪਾਵਰਕਾਮ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਸੰਪਰਕ ਕੀਤੇ ਜਾਣ 'ਤੇ ਦੱਸਿਆ ਕਿ ਰਾਜਪੁਰਾ ਥਰਮਲ ਪਲਾਂਟ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਐੱਫ. ਜੀ. ਡੀ. ਸਬੰਧੀ ਸ਼ਰਤਾਂ 31 ਦਸੰਬਰ 2019 ਤੱਕ ਪੂਰੀਆਂ ਨਹੀਂ ਕੀਤੀਆਂ, ਜਿਸ ਕਰ ਕੇ ਉਸਦੇ ਦੋਵੇਂ ਯੂਨਿਟ ਬੰਦ ਕੀਤੇ ਗਏ ਹਨ।


cherry

Content Editor

Related News