ਥਰਮਲ ਮੁਲਾਜ਼ਮਾਂ ਨੇ ਅਗਲੇ ਸੰਘਰਸ਼ ਦੇ ਐਲਾਨ ਨਾਲ ਧਰਨਾ ਕੀਤਾ ਸਮਾਪਤ

12/31/2019 12:59:22 PM

ਲਹਿਰਾ ਮੁਹੱਬਤ (ਮਨੀਸ਼) : ਪਾਵਰਕਾਮ 'ਚ ਪੱਕੇ ਰੋਜ਼ਗਾਰ ਦੀ ਮੰਗ ਕਾਰਨ ਲਹਿਰਾ ਥਰਮਲ ਅੱਗੇ ਕੱਚੇ ਵਰਕਰਾਂ ਦਾ ਲਾਇਆ ਪੱਕਾ ਮੋਰਚਾ 9ਵੇਂ ਦਿਨ 'ਚ ਸ਼ਾਮਲ ਹੋਣ ਉਪਰੰਤ ਅਗਲੇ ਸੰਘਰਸ਼ ਦੇ ਐਲਾਨ ਨਾਲ ਸਮਾਪਤ ਕਰ ਦਿੱਤਾ ਗਿਆ। ਕੜਾਕੇ ਦੀ ਸਰਦੀ ਦੇ ਬਾਵਜੂਦ ਥਰਮਲ ਵਰਕਰਾਂ ਦੇ ਇਰਾਦੇ ਵੀ ਦ੍ਰਿੜ ਦਿਸੇ। ਧਰਨੇ 'ਚ ਔਰਤਾਂ ਅਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।

ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਜਗਰੂਪ ਸਿੰਘ ਅਤੇ ਜਨਰਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਲੋਕ ਮਾਰੂ ਨੀਤੀਆਂ ਦੀ ਆਲੋਚਨਾ ਕਰਦਿਆਂ ਦੱਸਿਆ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਮਕਸਦ ਨਾਲ ਸਰਕਾਰੀ ਥਰਮਲ ਪਲਾਂਟ ਬੰਦ ਕਰ ਕੇ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੇ ਭਾਅ ਦੀ ਬਿਜਲੀ ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲਹਿਰਾ ਥਰਮਲ ਬੰਦ ਕੀਤਾ ਗਿਆ ਤਾਂ ਹਜ਼ਾਰਾਂ ਕਾਮਿਆਂ ਦੇ ਰੋਜ਼ਗਾਰ ਨੂੰ ਢਾਹ ਲੱਗੇਗੀ ਅਤੇ ਘਰੋਂ ਬੇਘਰ ਹੋ ਜਾਣਗੇ। ਉਨ੍ਹਾਂ ਸਰਕਾਰੀ ਥਰਮਲ ਪਲਾਂਟ ਲਗਾਤਾਰ ਚਾਲੂ ਰੱਖਣ, ਕੱਚੇ ਵਰਕਰਾਂ ਨੂੰ ਪੱਕੇ ਕਰਨ, ਤਨਖਾਹ 21 ਹਜ਼ਾਰ ਰੁਪਏ ਕਰਨ, ਅਣਸਕਿੱਲਡ ਵਰਕਰਾਂ ਨੂੰ ਪਦ ਉੱਨਤ ਕਰਨ ਅਤੇ ਸਰਕਾਰੀ ਕੁਆਰਟਰ ਲੋੜਵੰਦ ਵਰਕਰਾਂ ਨੂੰ ਅਲਾਟ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਬਿਜਲੀ ਐਕਟ 2003 ਰੱਦ ਕੇ ਵਰਕਰਾਂ ਨੂੰ ਵੈੱਲਫੇਅਰ ਐਕਟ 2016 ਅਧੀਨ ਲੈ ਕੇ ਪਾਵਰਕਾਮ 'ਚ ਪੱਕੀ ਭਰਤੀ ਕਰਨ ਦੀ ਮੰਗ ਕੀਤੀ। ਜਥੇਬੰਦੀ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਪੋਸਟਰ ਜਾਰੀ ਕੀਤਾ ਕਿ 6 ਜਨਵਰੀ ਨੂੰ ਕੱਚੇ ਮੁਲਾਜ਼ਮ ਇਕ ਰੋਜ਼ਾ ਹੜਤਾਲ ਕਰ ਕੇ ਪਰਿਵਾਰਾਂ ਸਮੇਤ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਵਿਖੇ ਪਾਵਰਕਾਮ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਇਕ ਰੋਜ਼ਾ ਸੂਬਾ ਪੱਧਰੀ ਧਰਨਾ ਦੇਣਗੇ ਅਤੇ 8 ਜਨਵਰੀ ਦੀ ਦੇਸ਼ਵਿਆਪੀ ਹੜਤਾਲ 'ਚ ਥਰਮਲ ਕਾਮੇ ਦੁਪਹਿਰ 2 ਤੋਂ 5 ਵਜੇ ਤੱਕ ਝੰਡੇ ਕੋਲ ਧਰਨਾ ਦੇਣਗੇ। ਇਸ ਤੋਂ ਇਲਾਵਾ 1 ਫਰਵਰੀ ਨੂੰ ਪਟਿਆਲਾ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਵੱਡਾ ਇਕੱਠ ਕਰ ਕੇ ਰੋਸ ਧਰਨਾ ਦੇਣਗੇ। ਇਕੱਠ ਨੂੰ ਵਰਿੰਦਰ ਸਿੰਘ ਬਠਿੰਡਾ, ਅਮਰੀਕ ਸਿੰਘ ਮਹਿਰਾਜ ਮਨਰੇਗਾ ਕਰਮਚਾਰੀ ਯੂਨੀਅਨ, ਬਾਦਲ ਸਿੰਘ ਭੁੱਲਰ, ਬਲਜਿੰਦਰ ਮਾਨ, ਕੁਲਦੀਪ ਸਹੋਤਾ ਅਤੇ ਖੇਮਪਾਲ ਸ਼ਰਮਾ ਨੇ ਵੀ ਸੰਬੋਧਨ ਕੀਤਾ।


cherry

Content Editor

Related News