ਲਹਿਰਾ ਬੇਗਾ ਕਤਲ ਕਾਂਡ, ਜੇਲ ’ਚ ਬੰਦ ਜੱਗਾ ਸਿੰਘ ਨੇ ਪੀੜਤ ਪਰਿਵਾਰ ਨੂੰ ਕੀਤਾ ਫੋਨ

01/21/2019 7:33:59 AM

ਲਹਿਰਾ ਮੁਹੱਬਤ, (ਮਨੀਸ਼)- ਮ੍ਰਿਤਕ ਮੰਗਾ ਸਿੰਘ ਦੇ ਪਰਿਵਾਰ ਦੀ ਦੁੱਖ ਭਰੀ ਦਾਸਤਾਨ ਹੈ ਕਿ ਮਲਕੀਤ ਕੌਰ ਦੀ ਭੂਆ ਸੁਰਜੀਤ ਕੌਰ ਅਤੇ ਮਾਤਾ ਜਸਵੀਰ ਕੌਰ ਉਨ੍ਹਾਂ ਦੇ ਘਰ ਅਤੇ ਬੱਚਿਆਂ ਨੂੰ ਸੰਭਾਲ ਰਹੀਆਂ ਹਨ। ਮ੍ਰਿਤਕ ਮੰਗਾ ਸਿੰਘ ਦੇ ਪਰਿਵਾਰ ’ਚ ਉਸ ਦਾ ਭਰਾ ਨਾਥ ਸਿੰਘ, ਦੋ ਭਤੀਜੇ ਅਜੈਬ ਸਿੰਘ ਅਤੇ ਅੰਗਰੇਜ਼ ਸਿੰਘ ਤੋਂ ਇਲਾਵਾ ਇੱਕ ਭਤੀਜੀ ਗੁਰਪ੍ਰੀਤ ਕੌਰ ਰਹਿ ਗਈਆਂ ਹਨ। ਨਾਥ ਸਿੰਘ ਦੀ ਪਤਨੀ ਮਲਕੀਤ ਕੌਰ ਕਤਲ ਕੇਸ ’ਚ ਗ੍ਰਿਫਤਾਰ ਹੈ ਅਤੇ ਉਸਦੀ ਪੁੱਤਰੀ ਮਮਨਦੀਪ ਕੌਰ ਹਸਪਤਾਲ ’ਚ ਗਰਭਵਤੀ ਹਾਲਤ ’ਚ ਦਾਖਲ ਹੈ। ਮ੍ਰਿਤਕ ਮੰਗਾ ਸਿੰਘ ਭਾਵੇਂ ਗੂੰਗਾ ਅਤੇ ਬੋਲਾ ਸੀ ਪਰ ਆਪ ਟਰੈਕਟਰ ਚਲਾਉਣ, ਖੇਤੀ ਕਰਨ ਅਤੇ ਪਸ਼ੂਆਂ ਦੀ ਸੰਭਾਲ ਕਰਨ ਇਲਾਵਾ ਮੱਝਾਂ ਦਾ ਵਪਾਰ ਵੀ ਕਰਦਾ ਸੀ। ਮਮਨਦੀਪ ਕੌਰ ਦੀ ਦਾਦੀ ਜਸਵੀਰ ਕੌਰ ਨੇ ਉਸਨੂੰ ਨਾਨਕੇ ਪਿੰਡ ਭੈਣੀ ਚੂਹਡ਼ ਵਿਖੇ ਅਠਾਰਾਂ ਸਾਲ ਪਾਲਣ ਪੋਸ਼ਣ ਕੀਤਾ। ਜਸਵੀਰ ਕੌਰ ਦਾ ਕਹਿਣਾ ਹੈ ਕਿ ਜਗਦੇਵ ਸਿੰਘ ਜੱਗਾ ਵੈਰੋਕੇ ਮਮਨਦੀਪ ਕੌਰ ਨੂੰ ਆਪਣੀ ਪੁੱਤਰੀ ਕਹਿ ਕੇ ਦੋ ਸਾਲ ਪਹਿਲਾਂ ਪਿੰਡ ਲਹਿਰਾ ਬੇਗਾ ਵਿਖੇ ਲਿਆਇਆ ਸੀ। ਇਹ ਵੀ ਦੁਖਾਂਤ ਹੈ ਕਿ ਬਾਅਦ ’ਚ ਉਸਨੇ ਇਸੇ ਲਡ਼ਕੀ ਨਾਲ ਹੀ ਨਾਜਾਇਜ਼ ਸਰੀਰਕ ਸਬੰਧ ਬਣਾ ਲਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਹੱਸਦੇ ਵੱਸਦੇ ਪਰਿਵਾਰ ਨੂੰ ਇਨ੍ਹਾਂ ਲੁਟੇਰਿਆਂ ਨੇ ਉਜਾਡ਼ ਕੇ ਰੱਖ ਦਿੱਤਾ। ਪਰਿਵਾਰ ਦੀ ਤਰਾਸਦੀ ਗ਼ਰੀਬੀ ਨਾਲੋ ਵੀ ਕਮਜ਼ੋਰ ਕਰਕੇ ਰੱਖ ਦਿੱਤੀ ਹੈ।
ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ : ਪਿੰਡ ਲਹਿਰਾ ਬੇਗਾ ਦੇ ਮੰਗਾ ਸਿੰਘ ਕਤਲ ਕਾਂਡ ਨੂੰ ਲੈ ਕੇ ਉਸ ਦੀ ਭਤੀਜੀ ਮਮਨਦੀਪ ਕੌਰ ਦੀ ਮੈਡੀਕਲ ਜਾਂਚ ਕਰਵਾਏ ਜਾਣ ਉਪਰੰਤ ਪੁਲਸ ਨੇ ਜਗਜੀਤ ਸਿੰਘ ਜੱਗਾ ਪਟਵਾਰੀ, ਉਸਦੀ ਪਤਨੀ ਅਤੇ ਜਗਦੇਵ ਸਿੰਘ ਜੱਗਾ ਵੈਰੋਕੇ ਖਿਲਾਫ਼ ਧਾਰਾ 376 ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਜਗਜੀਤ ਸਿੰਘ ਜੱਗਾ ਪਟਵਾਰੀ ਅਤੇ ਜੱਗਾ ਸਿੰਘ ਵੈਰੋਕੇ ਨੂੰ ਪੁਲਸ ਪਹਿਲਾਂ ਹੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਕਰ ਚੁੱਕੀ ਹੈ ਜਦੋਂ ਕਿ ਜਗਜੀਤ ਸਿੰਘ ਪਟਵਾਰੀ ਦੀ ਪਤਨੀ ਹਾਲੇ ਤੱਕ ਪੁਲਸ ਗ੍ਰਿਫ਼ਤ ਤੋਂ ਬਾਹਰ ਹੈ।
ਮ੍ਰਿਤਕ ਮੰਗਾ ਸਿੰਘ ਦੇ 43 ਸਾਲਾ ਭਰਾ ਨਾਥ ਸਿੰਘ ਦਾ ਕਹਿਣਾ ਹੈ ਕਿ ਇਸ ਕਾਂਡ ਨਾਲ ਉਨ੍ਹਾਂ ਦਾ ਪਰਿਵਾਰ ਤਹਿਸ-ਨਹਿਸ ਹੋ ਗਿਆ ਹੈ। ਉਨ੍ਹਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
16 ਸਾਲਾ ਭਤੀਜਾ ਅਜੈਬ ਸਿੰਘ ਜਵਾਹਰ ਨਵੋਦਿਆ ਵਿਦਿਆਲਿਅਾ ਤਿਉਣਾ ਪੁਜਾਰੀਆਂ (ਬਠਿੰਡਾ) ਵਿਖੇ ਦਸਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦਾ ਕਹਿਣਾ ਹੈ ਕਿ 22 ਦਸੰਬਰ ਨੂੰ ਛੁੱਟੀਆਂ ਕਾਰਨ ਆਪਣੇ ਘਰ ਆਇਆ। ਜਦੋਂ ਇਸ ਸਾਰੀ ਘਟਨਾ ਬਾਰੇ ਮੈਨੂੰ ਪਤਾ ਲੱਗਿਆ ਤਾਂ ਬਹੁਤ ਦੁੱਖ ਹੋਇਆ। ਉਸ ਦਾ ਕਹਿਣਾ ਸੀ ਕਿ ਚਾਚਾ ਕਿਸੇ ਰਿਸਤੇਦਾਰੀ ’ਚ ਗਿਆ ਹੋਇਅਾ।
12 ਸਾਲਾ ਗੁਰਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਵਿਖੇ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਆਪਣੇ ਚਾਚੇ ਮੰਗਾ ਸਿੰਘ ਨੂੰ ਡੈਡੀ ਆਖ ਕੇ ਬੁਲਾਉਂਦੀ ਸੀ। ਉਹ ਰੋ-ਰੋ ਕੇ ਆਖ ਰਹੀ ਸੀ ‘ਮੈਨੂੰ ਮੇਰਾ ਡੈਡੀ ਚਾਹੀਦੈ, ਡੈਡੀ ਲਿਆ ਕੇ ਦਿਉ। ਘਰ ਤਬਾਹ ਕਰਨ ਵਾਲਿਆਂ ਅਤੇ ਵੱਡੀ ਭੈਣੀ ਦੀ ਜਿੰਦਗੀ ਨਾਲ ਖਿਲਵਾਡ਼ ਕਰਨ ਵਾਲਿਆਂ ਨੂੰ ਫ਼ਾਂਸੀ ਦੀ ਸਜਾ ਹੋਵੇ’।
ਸੱਤਵੀਂ ’ਚ ਪਡ਼੍ਹਦੇ 10 ਸਾਲਾ ਅੰਗਰੇਜ਼ ਸਿੰਘ ਨੂੰ ਇਸ ਘਟਨਾ ਬਾਰੇ ਅਖ਼ਬਾਰ ਪਡ਼੍ਹਨ ਤੋਂ ਪਤਾ ਲੱਗਿਆ। ਮੈਨੂੰ ਮੇਰਾ ਚਾਚਾ ਪਡ਼੍ਹਾਈ ਲਈ ਕਹਿੰਦਾ ਹੁੰਦਾ ਸੀ। ਚਾਚਾ ਟਰੈਕਟਰ ਚਲਾਉਦਾ ਸੀ, ਖੇਤੀ ਕਰਦਾ ਸੀ, ਮੱਝਾਂ ਦੇ ਸੌਦੇ ਵੀ ਕਰਦਾ ਸੀ।
ਪਰਿਵਾਰ ਨੂੰ ਜੇਲ ’ਚ ਬੰਦ ਦੋਸ਼ੀਆਂ ਤੋਂ ਡਰ
ਮ੍ਰਿਤਕ ਮੰਗਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਦੁਪਹਿਰ ਜੇਲ ’ਚ ਬੰਦ ਜੱਗਾ ਸਿੰਘ ਬੈਰੋਕੇ ਦਾ ਫੋਨ ਆਇਆ। ਮੰਗਾ ਸਿੰਘ ਦੀ ਭਤੀਜੀ ਗੁਰਪ੍ਰੀਤ ਕੌਰ  ਦੇ  ਮੋਬਾਇਲ  ਫੋਨ ’ਤੇ ਗੱਲ ਕਰਦਿਆਂ ਉਸਨੇ ਕਿਹਾ ਬੇਟਾ ਮੈਂ ਤੇਰਾ ਅੰਕਲ ਬੋਲ ਰਿਹਾ ਹਾਂ ਅਤੇ ਪੁਲਸ ਨੂੰ ਬਿਆਨ ਮੇਰੇ ਕਹੇ ਮੁਤਾਬਿਕ ਹੀ ਦੇਣੇ ਹਨ ਪਰ ਜੱਗਾ ਸਿੰਘ ਨੂੰ ਇਹ ਪਤਾ ਨਹੀਂ ਸੀ ਕਿ ਉਸਦਾ ਫੋਨ ਕਿਸੇ ਹੋਰ ਨੇ ਚੁੱਕਿਆ ਹੈ। ਇਸ ਗੱਲ ਨੂੰ ਲੈ ਕੇ ਪਰਿਵਾਰਕ ਮੈਂਬਰਾਂ ’ਚ ਡਰ ਬਣਿਆ ਹੋਇਆ ਹੈ ਕਿ ਜੇਲ ਅੰਦਰ ਬੰਦ ਦੋਸ਼ੀ ਫੋਨ ਕਰਕੇ ਪਰਿਵਾਰ ਨੂੰ ਉਸਦੇ ਮੁਤਾਬਿਕ ਬਿਆਨ ਦੇਣ ਲਈ ਜ਼ੋਰ ਪਾ ਰਿਹਾ ਹੈ। ਇਸ ਮਾਮਲੇ ਸਬੰਧੀ ਜੇਲ ਸੁਪਰਡੈਂਟ ਸੁਖਵਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਜੇਲ ਅੰਦਰ ਬੰਦ ਕੈਦੀਆਂ ਦੀ ਬਕਾਇਦਾ ਫੋਨ ਕਾਲ ਰਿਕਾਰਡਿੰਗ ਹੁੰਦੀ ਹੈ। ਉਹ ਇਸ ਮਾਮਲੇ ਦੀ ਪਡ਼ਤਾਲ ਕਰਵਾ ਕੇ ਕਾਰਵਾਈ ਕਰਨਗੇ।