ਪ੍ਰਕਾਸ਼ਿਤ ਸਮੱਗਰੀ ਦੇ ਸਹੀ ਵੇਰਵੇ ਨਾ ਦੇਣ ਵਾਲੀ ਪ੍ਰਿੰਟਿੰਗ ਪ੍ਰੈੱਸ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ : ਜ਼ਿਲ੍ਹਾ ਚੋਣ ਅਫ਼ਸਰ

01/10/2022 5:16:49 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਵਿਧਾਨ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਜ਼ਿਲ੍ਹਾ ਸੰਗਰੂਰ ਦੇ ਸਮੂਹ ਪ੍ਰਿੰਟਿੰਗ ਪ੍ਰੈ੍ੱਸ ਮਾਲਕਾਂ ਅਤੇ ਪ੍ਰਤੀਨਿਧਾਂ ਨੂੰ ਜਾਣੂ ਕਰਵਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਹੋਈ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਅਤੇ ਹੁਣ ਵਿਧਾਨ ਸਭਾ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ, ਸ਼ਾਂਤੀਪੂਰਵਕ ਤੇ ਮਿਆਰੀ ਢੰਗ ਨਾਲ ਨੇਪਰੇ ਚੜ੍ਹਾਉਣ ’ਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਹਲਕੇ ’ਚ ਵੱਖ-ਵੱਖ ਚੌਕਸੀ ਟੀਮਾਂ ਵੱਲੋਂ ਸਖ਼ਤ ਕਾਰਵਾਈ ਨੂੰ ਅਮਲ ’ਚ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜੇਕਰ ਕੋਈ ਵੀ ਅਜਿਹੀ ਚੋਣ ਪ੍ਰਚਾਰ ਸਮੱਗਰੀ ਬਰਾਮਦ ਕੀਤੀ ਜਾਂਦੀ ਹੈ, ਜਿਸ ’ਚ ਪ੍ਰਿੰਟਿੰਗ ਪ੍ਰੈੱਸ ਵੱਲੋਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਹੋਵੇ, ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਹਰੇਕ ਉਮੀਦਵਾਰ ਦੇ ਖਰਚੇ ਦੀ ਹੱਦ 40 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ ਅਤੇ ਉਮੀਦਵਾਰ ਦੇ ਹੱਕ ’ਚ ਵਰਤੇ ਜਾਣ ਵਾਲੇ ਸਮੂਹ ਪ੍ਰਚਾਰ ਸਾਧਨਾਂ, ਜਿਨ੍ਹਾਂ ’ਚ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਸਾਈਟਾਂ ਅਤੇ ਸੋਸ਼ਲ ਮੀਡੀਆ ਦੇ ਸਾਧਨ ਵੀ ਸ਼ਾਮਲ ਹਨ, ਨੂੰ ਇਸ਼ਤਿਹਾਰਬਾਜ਼ੀ ਲਈ ਵਰਤੇ ਜਾਣ ਦੀ ਸੂਰਤ ’ਚ ਜਿਥੇ ਖਰਚੇ ਨੂੰ ਉਮੀਦਵਾਰ ਦੇ ਖ਼ਾਤੇ ’ਚ ਜੋੜਿਆ ਜਾਵੇਗਾ, ਉਥੇ ਹੀ ਪ੍ਰਿੰਟਿੰਗ ਪ੍ਰੈੱਸਾਂ ਰਾਹੀਂ ਪ੍ਰਕਾਸ਼ਿਤ ਹੋਣ ਵਾਲੀ ਸਮੂਹ ਪ੍ਰਚਾਰ ਸਮੱਗਰੀ ਸਬੰਧੀ ਸਹੀ ਵੇਰਵੇ ਪ੍ਰਿੰਟਿੰਗ ਪ੍ਰੈੱਸ ਮਾਲਕਾਂ ਵੱਲੋਂ ਸਬੰਧਤ ਰਿਟਰਨਿੰਗ ਅਫ਼ਸਰਾਂ ਨੂੰ ਲਿਖ਼ਤੀ ਤੌਰ ’ਤੇ ਦੇਣੇ ਲਾਜ਼ਮੀ ਹੋਣਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜੇ ਕਿਸੇ ਵੀ ਉਮੀਦਵਾਰ ਦੇ ਪ੍ਰਚਾਰ ਵਾਲਾ ਪੋਸਟਰ, ਬੈਨਰ, ਹੋਰਡਿੰਗਜ਼, ਫਲੈਕਸ ਆਦਿ ਅਜਿਹਾ ਪਾਇਆ ਗਿਆ, ਜਿਸ ’ਚ ਪ੍ਰਿੰਟਰ/ਪਬਲਿਸ਼ਰ ਦਾ ਨਾਂ, ਪਤਾ ਅਤੇ ਪ੍ਰਕਾਸ਼ਿਤ ਸਮੱਗਰੀ ਦੀ ਗਿਣਤੀ ਦਾ ਵੇਰਵਾ ਦਰਜ ਨਹੀਂ ਹੈ, ਤਾਂ ਜਾਂਚ ਉਪਰੰਤ ਦੋਸ਼ੀ ਪਾਏ ਜਾਣ ’ਤੇ ਪ੍ਰਿੰਟਿੰਗ ਪ੍ਰੈੱਸ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦੇ ਹੋਏ ਪ੍ਰਿੰਟਿੰਗ ਪ੍ਰੈੱਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸੇ ਵੀ ਪ੍ਰਚਾਰ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਸਬੰਧਤ ਉਮੀਦਵਾਰ ਜਾਂ ਸਮਰਥਕ ਕੋਲੋਂ ਸਵੈ-ਘੋਸ਼ਣਾ ਪੱਤਰ ਲਾਜ਼ਮੀ ਤੌਰ ’ਤੇ ਲਿਆ ਜਾਵੇ। ਉਨ੍ਹਾਂ ਕਿਹਾ ਕਿ ਰਿਟਰਨਿੰਗ ਅਫ਼ਸਰਾਂ ਜਾਂ ਆਬਜ਼ਰਵਰਾਂ ਦੀਆਂ ਟੀਮਾਂ ਕਿਸੇ ਵੀ ਸਮੇਂ ਪ੍ਰਿੰਟਿੰਗ ਪ੍ਰੈੱਸਾਂ ਦੀ ਜਾਂਚ ਕਰ ਸਕਦੀਆਂ ਹਨ ਅਤੇ ਜੇ ਜਾਂਚ ਦੌਰਾਨ ਕੋਈ ਅਜਿਹੀ ਪ੍ਰਚਾਰ ਸਮੱਗਰੀ ਪਾਈ ਗਈ, ਜਿਸ ਦੇ ਵੇਰਵੇ ਦਰੁੱਸਤ ਨਹੀਂ ਹਨ, ਤਾਂ ਕਾਨੂੰਨੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇਗਾ।    

Manoj

This news is Content Editor Manoj