'ਆਪ' ਉਮੀਦਵਾਰ ਨਰਿੰਦਰ ਭਰਾਜ ਨਾਲ ਵਿਸ਼ੇਸ਼ ਗੱਲਬਾਤ, ਸੁਣੋ ਸੰਗਰੂਰ ਲਈ ਕੀ ਹੈ ਰਣਨੀਤੀ (ਵੀਡੀਓ)

01/25/2022 12:49:39 PM

ਸੰਗਰੂਰ(ਵੈੱਬ ਡੈਸਕ) : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਨਰਿੰਦਰ ਭਰਾਜ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਖ਼ਾਸ ਇੰਟਰਵਿਊ ਕੀਤੀ ਗਈ ਜਿਸ ’ਚ ਉਨ੍ਹਾਂ ਦੇ ਸਿਆਸਤ ’ਚ ਆਉਣ ਵਜ੍ਹਾ, ਪਾਰਟੀ ’ਚ ਆਉਣ ਦਾ ਮਕਸਦ ਤੋਂ ਲੈ ਕੇ ਕਈ ਸਵਾਲ ਪੁੱਛੇ ਗਏ। ਪੇਸ਼ ਹਨ ਨਰਿੰਦਰ ਕੌਰ ਭਰਾਜ ਨਾਲ ਕੀਤੀ ਗੱਲਬਾਤ ਦੇ ਵਿਸ਼ੇਸ਼ ਅੰਸ਼ 
ਸਵਾਲ : ਸਿਆਸਤ ’ਚ ਔਰਤਾਂ ਲਈ  33 ਫ਼ੀਸਦੀ ਰਾਂਖਵਾਕਰਨ ਰੱਖਿਆ ਜਾਂਦਾ ਹੈ ਕੀ ਇਹ ਸਹੀ ਹੈ ? ਔਰਤਾਂ ਲਈ ਸਿਆਸਤ ’ਚ ਚੰਗਾ ਮਾਹੌਲ ਹੈ ?
ਜਵਾਬ : ਸੰਗਰੂਰ ਨੂੰ ਕ੍ਰਾਂਤੀਕਾਰੀ ਜ਼ਿਲ੍ਹਾ ਮੰਨਿਆ ਜਾਂਦਾ ਹੈ। ਇੱਥੇ ਸ਼ਹੀਦ ਊਧਮ ਸਿੰਘ ਵਰਗੇ ਕ੍ਰਾਂਤੀਕਾਰੀ ਦਾ ਜਨਮ ਹੋਇਆ ਹੈ। ਨਰਿੰਦਰ ਕੌਰ ਭਰਾਜ ਪਹਿਲੀ ਮਹਿਲਾ ਹੈ ਜਿਸ ਨੇ ਪੋਲਿੰਗ ਏਜੰਟ ਵਜੋਂ ਆਪਣੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ’ਚ ਮੈਨੂੰ ਬਹੁਤ ਮਾਨ ਸਨਮਾਨ ਮਿਲਿਆ ਮੈਂ ਆਪਣੀਆਂ ਗੱਲਾਂ ਖੁੱਲ੍ਹ ਕੇ ਪਾਰਟੀ ਅੱਗੇ ਰੱਖੀਆਂ ਹਨ। 23 ਜ਼ਿਲ੍ਹਿਆਂ ’ਚੋਂ ਇਕੱਲਾ ਸੰਗਰੂਰ ਅਜਿਹਾ ਜ਼ਿਲ੍ਹਾ ਸੀ ਜਿੱਥੇ ਮੈਂ ਇਕੱਲੀ ਨੌਜਵਾਨ ਪੀੜ੍ਹੀ ਵਜੋਂ ਪਾਰਟੀ ਦੇ ਵੱਖ-ਵੱਖ ਕਾਰਜਾਂ ’ਚ ਹਿੱਸਾ ਲਿਆ। ਆਮ ਆਦਮੀ ਪਾਰਟੀ ’ਚ ਸਾਰੀਆਂ ਔਰਤਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ। 
ਸਵਾਲ : ਸਿਆਸਤ ’ਚ ਤੁਹਾਡਾ ਰੁਝਾਨ ਕਿਵੇਂ ਪੈਦਾ ਹੋਇਆ ?
ਜਵਾਬ : ਮੇਰੀ ਇਸ ਪਾਰਟੀ ’ਚ ਆਉਣ ਤੋਂ ਪਹਿਲਾਂ ਸਿਆਸਤ ’ਚ ਆਉਣ ਦੀ ਕੋਈ ਪਲੇਨਿੰਗ ਨਹੀਂ ਸੀ ਸਗੋਂ ਮੈਨੂੰ ਸਿਆਸਤ ਬਹੁਤ ਮਾੜੀ ਖੇਡ ਲੱਗਦੀ ਸੀ ਕਿਉਂਕਿ ਜਿਨ੍ਹਾਂ ਹਾਲਾਤ ਨਾਲ ਮੇਰਾ ਤਕਰਾਰ ਹੋਇਆ, ਜਿਨ੍ਹਾਂ ਮੁਸ਼ਕਲਾਂ ’ਚੋਂ ਮੈਂ ਲੰਘ ਕੇ ਆਈ ਮੇਰਾ ਮੰਨਣਾ ਹੈ ਕਿ ਇਹ ਸਵਾਲ ਹਰੇਕ ਨੌਜਵਾਨ ਪੀੜ੍ਹੀਆਂ ਅੰਦਰ ਆਉਂਦਾ ਹੋਵੇਗਾ ਅਤੇ ਇਨ੍ਹਾਂ ਕਾਰਨਾਂ ਕਰਕੇ ਮੈਂ ਸਿਆਸਤ ’ਚ ਆਈ। ਸੰਗਰੂਰ ਜ਼ਿਲ੍ਹੇ ’ਚ ਨੌਜਵਾਨ ਪੀੜ੍ਹੀ ਵਲੋਂ ਬੂਥ ਲਗਾਉਣ ਲਈ ਕੋਈ ਅੱਗੇ ਨਹੀਂ ਸੀ ਆ ਰਿਹਾ ਤਾਂ ਮੈਨੂੰ ਲੱਗਾ ਕਿ ਸ਼ਾਇਦ ਉਨ੍ਹਾਂ ਦੇ ਕੋਈ ਨਿੱਜੀ ਕਾਰਨ ਹੋ ਸਕਦੇ ਹਨ ਤਾਂ ਮੈਂ ਸੋਚਿਆ ਚਲੋ ਹੋਰ ਕੋਈ ਨਹੀਂ ਤਾਂ ਨਰਿੰਦਰ ਜ਼ਰੂਰ ਬੂਥ ਲਗਾਵੇਗੀ।

ਇਹ ਵੀ ਪੜ੍ਹੋ : ਨਸ਼ੇ ਦੇ ਸੌਦਾਗਰਾਂ ਸਣੇ ਹਰ ਤਰ੍ਹਾਂ ਦੇ ਮਾਫ਼ੀਆ ਨੂੰ ਸਲਾਖ਼ਾਂ ਪਿੱਛੇ ਸੁੱਟਾਂਗੇ : ਭਗਵੰਤ ਮਾਨ

ਸਵਾਲ : ਆਪਣੇ ਪਰਿਵਾਰ ਬਾਰੇ ਅਤੇ ਆਪਣੇ ਪਿਛੋਕੜ ਬਾਰੇ ਦੱਸੋ ?
ਜਵਾਬ : ਮੇਰੇ ਪਰਿਵਾਰ ’ਚ ਮੇਰੇ ਪਿਤਾ ਜੀ ਹਨ, ਮੇਰੇ ਮਾਤਾ ਹਨ, ਛੋਟੀ ਉਮਰੇ ਮੇਰੇ ਭਰਾ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਮੇਰੇ ਦਾਦਾ-ਦਾਦੀ, ਚਾਚਾ-ਚਾਚੀ ਸਾਰੇ ਹਨ। ਮੇਰੇ ਪਿਤਾ ਜੀ ਕਾਫ਼ੀ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਸਨ। ਉਨ੍ਹਾਂ ਦੀ ਤਬੀਅਤ ਖ਼ਰਾਬ ਰਹਿਣ ਕਰਕੇ ਉਨ੍ਹਾਂ ਦੀ ਜ਼ਿੰਮੇਵਾਰੀ ਮੈਂ ਆਪਣੇ ਸਿਰ ਲੈ ਲਈ ਅਤੇ ਸੰਗਰੂਰ ਜ਼ਿਲ੍ਹੇ ਲਈ ਕੁਝ ਕਰਨਾ ਹੈ ਇਸ ਜਨੂੰਨ ਨਾਲ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਬਣੀ। ਮੇਰੇ ਪਰਿਵਾਰ ਦਾ ਕਿੱਤਾ ਖੇਤੀਬਾੜੀ ਹੈ ਅਸੀਂ ਖੇਤੀਬਾੜੀ ਕਰਦੇ ਹਾਂ। ਸਾਡੀ 4-5 ਕਿੱਲੇ ਜ਼ਮੀਨ ਹੈ ਅਤੇ ਮੱਝਾਂ ਵੀ ਰੱਖੀਆਂ ਹਨ ਮੈਂ ਅਤੇ ਮੇਰੇ ਪਿਤਾ ਜੀ ਖੇਤੀਬਾੜੀ ਕਰਦੇ ਹਨ।
ਸਵਾਲ : ਤੁਹਾਨੂੰ ਮਿੰਨੀ ਭਗਵੰਤ ਮਾਨ ਕਿਹਾ ਜਾਂਦਾ ਹੈ, ਕੀ ਤੁਹਾਨੂੰ ਟਿਕਟ ਭਗਵੰਤ ਮਾਨ ਕਰਕੇ ਮਿਲੀ ਜਾਂ ਕੋਈ ਹਾਰ ਕਾਰਨ ਕਰਕੇ ?
ਜਵਾਬ : ਮੇਰੇ ਸਿਆਸਤ ’ਚ ਆਉਣ ਦਾ ਕਾਰਨ ਉਹ ਜ਼ਰੂਰ ਰਹੇ ਹਨ ਕਿਉਂਕਿ ਉਹ ਮੇਰੇ ਗੁਰੂ ਹਨ। ਲੀਡਰਾਂ ਖ਼ਿਲਾਫ਼ ਖੁੱਲ੍ਹ ਕੇ ਕਿਵੇਂ ਬੋਲਣਾ ਹੈ ਜਾਂ ਆਪਣੇ ਹੱਕਾਂ ਲਈ ਕਿਵੇਂ ਲੜਨਾ ਹੈ ਇਹ ਸਭ ਮੈਂ ਉਨ੍ਹਾਂ ਤੋਂ ਹੀ ਸਿੱਖਿਆ ਹੈ। ਬਾਕੀ ਮੈਂ ਆਪਣੀ ਮਿਹਨਤ ਸਦਕਾ ਅਤੇ 8 ਸਾਲਾਂ ਤੋਂ ਪਾਰਟੀ ਲਈ ਕੀਤੇ ਗਏ ਕੰਮਾਂ ਸਦਕਾ ਹੀ ਪਾਰਟੀ ਵਲੋਂ ਮੈਨੂੰ ਟਿਕਟ ਦਿੱਤੀ ਗਈ। ਮਿਹਨਤ ਕਿਵੇਂ ਕਰਨੀ ਹੈ ਇਹ ਮੈਨੂੰ ਭਗਵੰਤ ਭਾਈ ਜੀ ਨੇ ਹੀ ਸਿਖਾਇਆ ਹੈ। ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਹੀ ਪਾਰਟੀ ਨੇ ਆਮ ਜਿਹੇ ਘਰ ਦੀ ਕੁੜੀ ਨੂੰ ਟਿਕਟ ਦਿੱਤੀ ਹੈ।
ਸਵਾਲ : ਸੰਗਰੂਰ ਤੋਂ ਬਾਕੀ ਪਾਰਟੀਆਂ ਦੇ ਉਮੀਦਵਾਰ ਵਿਜੇ ਸਿੰਗਲਾ ਜਾਂ ਅਰਵਿੰਦ ਖੰਨਾ ਹਨ ਕੀ ਇਨ੍ਹਾਂ ਨੂੰ ਆਪਣੇ ਪ੍ਰਤੀਯੋਗੀ ਸਮਝਦੇ ਹੋ ?
ਜਵਾਬ : ਮੈਂ 2014 ਤੋਂ ਪਾਰਟੀ ਲਈ ਕੰਮ ਕਰ ਰਹੀ ਹਾਂ ਅਤੇ ਮੈਨੂੰ ਲੋਕਾਂ ਦਾ ਬਹੁਤ ਪਿਆਰ ਵੀ ਮਿਲਿਆ ਹੈ ਅਤੇ ਰਹੀ ਗੱਲ ਬਾਕੀ ਪਾਰਟੀ ਦੇ ਉਮੀਦਵਾਰਾਂ ਦੀ ਤਾਂ ਉਨ੍ਹਾਂ ਨੂੰ ਵੀ ਸੰਗਰੂਰ ਦੇ ਲੋਕਾਂ ਨੇ ਹੀ ਬਣਾਇਆ ਹੈ। ਸੰਗਰੂਰ ਜ਼ਿਲ੍ਹਾ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਹੈ। ਇੱਥੋਂ ਦੇ ਲੋਕ ਮੈਨੂੰ ਆਪਣੀ ਧੀ ਅਤੇ ਛੋਟੀ ਭੈਣ ਸਮਝਦੇ ਹਨ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਮੈਨੂੰ ਇਸ ਵਾਰ ਜ਼ਰੂਰ ਅਪਣਾਉਣਗੇ।
ਸਵਾਲ : ਚੋਣਾਂ ਜਿੱਤਣ ਤੋਂ ਬਾਅਦ ਸੰਗਰੂਰ ਦੇ ਕਿਹੜੇ ਕੰਮਾਂ ਨੂੰ ਪਹਿਲ ਦੇਵੋਗੇ ?
ਜਵਾਬ : ਸੰਗਰੂਰ ਜ਼ਿਲ੍ਹਾ ਸਿੱਖਿਆ ਪੱਧਰ ਤੋਂ ਬਹੁਤ ਹੀ ਪਛੜਿਆ ਹੋਇਆ ਹੈ ਅਤੇ ਸਭ ਤੋਂ ਪਹਿਲਾਂ ਇੱਥੇ ਸਿੱਖਿਆ ਪੱਧਰ ’ਚ ਸੁਧਾਰ ਕਰਨ ਦੀ ਲੋੜ ਹੈ ਅਤੇ ਹੈਲਥ ਲੈਵਲ ਨੂੰ ਸਹੀ ਢੰਗ ਨਾਲ ਚਲਾਉਣਾ ਅਤੇ ਸਭ ਤੋਂ ਵੱਡਾ ਕਰਪਸ਼ਨ ਨੂੰ ਨੱਥ ਪਾਉਣਾ ਮੇਰਾ ਟੀਚਾ ਹੈ। ਮੌਜੂਦਾ ਵਿਧਾਇਕ ਵਿਜੇ ਸਿੰਗਲਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਛੱਪੜ ਦੇ ਸੁਧਾਰਾਂ ਨੂੰ ਹੱਲ ਕਰਦੇ ਕਰਦੇ ਲੀਡਰਾਂ ਦੇ 5 ਸਾਲ ਪੂਰੇ ਹੋ ਗਏ ਹਨ ਪਰ ਛੱਪੜਾਂ ਦਾ ਕੰਮ ਅਜੇ ਵੀ ਰੁਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਸਭ ਜਾਣਦੇ ਹਨ ਕਿ ਥੋੜ੍ਹਾ ਕੰਮ ਕਰਕੇ ਉਸ ਬਾਰੇ ਜ਼ਿਆਦਾ ਸ਼ੋਰ ਮਚਾਇਆ ਜਾਂਦਾ ਰਿਹਾ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal