CGC ਲਾਂਡਰਾ ਵਿਖੇ 'ਮਹਿਲਾ ਆਈਡੀਆਥਾਨ ਪੰਜਾਬ -2022' ਦਾ ਆਗਾਜ਼, ਡਾ. ਮਨੀਸ਼ਾ ਗੁਪਤਾ ਰਹੀ ਪਹਿਲੇ ਸਥਾਨ 'ਤੇ

06/06/2022 1:44:23 PM

ਚੰਡੀਗੜ੍ਹ:  ਸੀ.ਜੀ.ਸੀ. ਲਾਂਡਰਾ ਦੇ ਬਾਇਓਓਟੈਕਨਾਲਾਜੀ ਵਿਭਾਗ ਏ.ਸੀ.ਆਈ.ਸੀ. ਰਾਈਜ਼ ਵੱਲੋਂ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ “ਵੂਮੈਨ ਆਈਡੀਆਥਾਨ ਪੰਜਾਬ-2022” ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਡਾ.ਮਨੀਸ਼ਾ ਗੁਪਤਾ ਵੱਲੋਂ ਪੇਸ਼ ਕੀਤੇ ਗਏ ਇਕ ਨਵੀਨਤਾਕਾਰੀ ਇਨੋਵੇਸ਼ਨ ਵੂਮੈਨ ਵੈਲਨੈੱਸ ਕਲੀਨਿਕ ਨੂੰ ਪਹਿਲਾ ਸਥਾਨ ਮਿਲਿਆ। ਇਸ ਆਈਡੀਆ ਦਾ ਮੁੱਖ ਉਦੇਸ਼ ਔਰਤਾਂ ਲਈ ਅਣਗਿਣਤ ਸਿਹਤ ਸੇਵਾਵਾਂ ਨੂੰ ਸੰਬੋਧਨ ਕਰਨ ਲਈ ਵਨ ਸਟਾਪ ਹੱਲ ਪ੍ਰਦਾਨ ਕਰਨਾ ਹੈ। ਇਸ ਆਈਡੀਆਥਾਨ ਦਾ ਮਕਸਦ ਮਹਿਲਾ ਉਦਮੀਆਂ ਨੂੰ ਆਪਣੇ ਕਾਰੋਬਾਰ ਸੈੱਟਅੱਪ ਵਿਕਸਿਤ ਕਰਨ ਦੇ ਸਮਰੱਥ ਬਣਾਉਣਾ ਅਤੇ ਉਤਸ਼ਾਹਿਤ ਕਰਨਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰੋਬਾਰ ਲਈ ਸੀਡ ਫੰਡਿੰਗ ਅਤੇ ਸਟਾਰਟ-ਅੱਪ ਪੰਜਾਬ ਵਰਗੀਆਂ ਪਹਿਲਕਦਮੀਆਂ ਰਾਹੀਂ ਸਲਾਹ ਦੇ ਰੂਪ ਵਿਚ ਸਹਾਇਤਾ ਪ੍ਰਦਾਨ ਕਰਨਾ ਸੀ।

ਸਟਾਰਟ-ਅੱਪ ਪੰਜਾਬ ਵੱਲੋਂ ਸਪਾਂਸਰ ਕੀਤੇ ਗਏ ਇਸ ਸਮਾਗਮ ਦਾ ਵਰਚੁਅਲ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਸਿਬਿਨ ਸੀ, ਆਈ.ਏ.ਐੱਸ., ਸਕੱਤਰ ਕਮ ਡਾਇਰੈਕਟਰ ਉਦਯੋਗ ਅਤੇ ਵਣਜ ਕਮ ਐੱਸ.ਐੱਸ.ਐੱਨ.ਓ. ਪੰਜਾਬ ਵੱਲੋਂ ਦੀਪਇੰਦਰ ਢਿੱਲੋਂ, ਸੰਯੁਕਤ ਡਾਇਰੈਕਟਰ, ਸਟਾਰਟ-ਅੱਪ ਪੰਜਾਬ ਅਤੇ ਸੀ.ਜੀ.ਸੀ. ਲਾਂਡਰਾ ਦੇ ਉੱਚ ਪ੍ਰਬੰਧਕਾਂ ਦੀ ਮੌਜੂਦਗੀ ਹੇਠ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਦੀਆਂ 70 ਤੋਂ ਵੱਧ ਟੀਮਾਂ ਨੇ ਆਪਣੇ ਇਨੋਵੇਸ਼ਨ ਪੇਸ਼ ਕਰਨ ਲਈ ਰਜਿਸਟ੍ਰੇਸ਼ਨ ਦਰਜ ਕਰਵਾਈ, ਜਿਨ੍ਹਾਂ ਵਿੱਚੋਂ 20 ਟੀਮਾਂ ਨੂੰ ਆਪਣੇ ਵਿਲੱਖਣ ਆਈਡੀਆਜ਼ ਜੱਜਾਂ ਸਾਹਮਣੇ ਪੇਸ਼ ਕਰਨ ਲਈ ਚੁਣਿਆ ਗਿਆ। ਇਨ੍ਹਾਂ ਵਿੱਚੋਂ ਪੰਜ ਸਰਬੋਤਮ ਟੀਮਾਂ ਨੂੰ ਉਨ੍ਹਾਂ ਦੇ ਵਿਚਾਰਾਂ ਦੀ ਨਵੀਨਤਾ, ਵਿਲੱਖਣਤਾ, ਮਾਪਯੋਗਤਾ ਅਤੇ ਤਕਨਾਲੋਜੀ ਸਮੱਗਰੀ ਦੇ ਆਧਾਰ ਤੇ ਜੇਤੂ ਐਲਾਨਿਆ।

ਸਭ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਬਿਨ ਸੀ ਨੇ ਸਟਾਰਟ ਅੱਪ ਪੰਜਾਬ ਵਰਗੀਆਂ ਪਹਿਲਕਦਮੀਆਂ ਜ਼ਰੀਏ ਸੂਬੇ ਵਿਚ ਸਟਾਰਟਅੱਪ ਈਕੋ ਸਿਸਟਮ ਨੂੰ ਬੜਾਵਾ ਦੇਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਟਾਰਟਅੱਪ ਇਨਸੈਂਟਿਵਜ਼ ਅਤੇ ਸੀਡਗ੍ਰਾਂਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਉਨ੍ਹਾਂ ਨੇ ਰੇਖਾਂਕਿਤ ਕਰਦਿਆਂ ਕਿਹਾ ਕਿ ਸਟਾਰਟ-ਅੱਪ ਪੰਜਾਬ ਵਰਗੇ ਉਪਰਾਲੇ ਸੂਬੇ ਵਿਚ ਮਹਿਲਾ ਉੱਦਮਤਾ ਨੂੰ ਬੜਾਵਾ ਦੇਣ ਅਤੇ ਮਹਿਲਾ ਸ਼ਸ਼ਕਤੀਕਰਨ ਨੂੰ ਪ੍ਰੋਤਸਾਹਿਤ ਕਰਨ ਲਈ ਮਹੱਤਵਪੂਰਨ ਟੂਲ (ਯੰਤਰ) ਹਨ।

ਇਸ ਉਪਰੰਤ ਜੇਤੂ ਉਮੀਦਵਾਰਾਂ ਨੂੰ ਨਕਦ ਇਨਾਮ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਮਨੀਸ਼ਾ ਗੁਪਤਾ ਦੇ ਵੂਮੈਨ ਵੈੱਲਨੈੱਸ ਕਲੀਨਿਕ ਦੇ ਅਨੋਖੇ ਆਈਡੀਆ ਨੇ 25,000 ਰੁਪਏ ਨਕਦ ਪੁਰਸਕਾਰ ਦੇ ਨਾਲ ਪਹਿਲਾ ਸਥਾਨ ਜਿੱਤਿਆ। ਇਸ ਦੇ ਨਾਲ ਦੀਆ ਅਤੇ ਗੁਰਸਿਮਰਨ ਨੇ ਸ਼ਾਕਾਹਾਰੀ ਅਤੇ ਵੇਗਨ ਮੀਟ ਪ੍ਰਦਾਨ ਕਰਨ ਵਾਲੇ ਆਪਣੀ ਕਾਰੋਬਾਰੀ ਇਨੋਵੇਸ਼ਨ ਨੂੰ ਪੇਸ਼ ਕੀਤਾ। ਇਹ ਇਕ ਪੌਦਿਆਂ 'ਤੇ ਆਧਾਰਿਤ ਮੀਟ ਹੈ ਜੋ ਕਿ ਰਵਾਇਤੀ ਮੀਟ ਉਤਪਾਦਾਂ ਦਾ ਇਕ ਸਿਹਤਮੰਦ ਵਿਕਲਪ ਦਿੰਦਾ ਹੈ। ਦੋਵਾਂ ਨੇ ਇਸ ਅਨੋਖੇ ਆਈਡੀਆ ਦੇ ਨਾਲ 20,000 ਰੁਪਏ ਨਕਦੀ ਸਣੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਰਿਸ਼ਿਕਾ ਗੁਪਤਾ ਅਤੇ ਡਾ.ਸੋਨੀਕਾ ਨੇ ਪਾਣੀ ਅਤੇ ਕੱਚੇ ਦੁੱਧ ਵਿਚ ਕੀਟਨਾਸ਼ਕਾਂ ਦੀ ਖੋਜ ਲਈ ਬਾਇਓਸੈਂਸਰ ਵਿਕਸਿਤ ਕਰਨ ਵਾਲੇ ਆਪਣੇ ਨਵੀਨਤਾਕਾਰੀ ਇਨੋਵੇਸ਼ਨ ਲਈ 15,000 ਰੁਪਏ ਦਾ ਤੀਜਾ ਸਥਾਨ ਜਿੱਤਿਆ। ਡਾ.ਵਿਪਾਸ਼ਾ ਸ਼ਰਮਾ ਨੂੰ ਵੇਗਨ ਸਾਸੇਜ ਵਿਕਸਿਤ ਕਰਨ ਲਈ 10,000 ਰੁਪਏ ਦਾ ਚੌਥਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਵੇਗਨ ਸਾਸੇਜ ਬਟਨ, ਸੀਪ ਮਸ਼ਰੂਮ ਦੀ ਵਰਤੋਂ ਕਰ ਕੇ ਤਿਆਰ ਕੀਤਾ ਗਿਆ ਇਕ ਪੌਸ਼ਟਿਕ ਉਤਪਾਦ ਹੈ। ਇਸੇ ਤਰ੍ਹਾਂ ਡਾ.ਸੁਖਦੀਪ ਕੌਰ ਅਤੇ ਡਾ.ਸਨੇਹ ਬਾਂਸਲ ਨੂੰ ਆਪਣੀ ਇਨੋਵੇਸ਼ਨ ਲਈ 5,000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਆ ਗਿਆ ਅਤੇ ਸਫ਼ਲਤਾਪੂਰਵਕ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਜੇਤੂ ਟੀਮਾਂ ਦੇ ਚੁਣੇ ਗਏ ਆਈਡੀਆਜ਼ ਨੂੰ ਸੀ.ਜੀ.ਸੀ. ਲਾਂਡਰਾ ਵਿਚ ਏ.ਸੀ.ਆਈ.ਸੀ. ਰਾਈਜ਼ ਕੇਂਦਰ ਵਿਚ ਇਨਕਿਊਬੇਸ਼ਨ ਅਤੇ ਮੈਂਟਰਸ਼ਿਪ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 

Anuradha

This news is Content Editor Anuradha