ਘਰਾਚੋਂ ਵਿਖੇ ਜ਼ਮੀਨੀ ਵਿਵਾਦ ਹੋਰ ਗਰਮਾਇਆ, ਦਲਿਤ ਭਾਈਚਾਰੇ ਨੇ ਕੀਤੀ ਨਾਅਰੇਬਾਜ਼ੀ

07/11/2020 3:14:56 PM

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਘਰਾਚੋਂ ਵਿਖੇ ਅੱਜ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਪਿੰਡ 'ਚ ਦਲਿਤ ਭਾਈਚਾਰੇ ਲਈ ਰਾਖਵੀਂ ਪੰਚਾਇਤੀ ਜ਼ਮੀਨ ਨੂੰ ਠੇਕੇ ਉਪਰ ਲੈਣ ਵਾਲੇ ਵਿਅਕਤੀਆਂ ਵਲੋਂ ਜ਼ਮੀਨ ਨੂੰ ਆਪਣੇ ਕਬਜ਼ੇ 'ਚ ਲੈਣ ਲਈ ਜ਼ਮੀਨ ਵਹਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਥੇ ਇਸ ਬੋਲੀ ਨੂੰ ਕਥਿਤ ਡੰਮੀ ਬੋਲੀ ਕਰਾਰ ਦੇ ਕੇ ਪਹਿਲਾਂ ਤੋਂ ਹੀ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸੰਘਰਸ਼ ਕਰ ਰਹੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਇਸ ਜ਼ਮੀਨ ਉਪਰ ਕਬਜ਼ੇ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਸਥਿਤੀ ਟਕਰਾਅ ਵਾਲੀ ਬਣਦੀ ਦੇਖ ਪ੍ਰਸ਼ਾਸਨ ਨੇ ਇਕ ਵਾਰ ਠੇਕੇ ਉਪਰ ਜ਼ਮੀਨ ਲੈਣ ਵਾਲੇ ਵਿਅਕਤੀਆਂ ਨੂੰ ਜ਼ਮੀਨ ਵਹਾਉਣ ਤੋਂ ਰੋਕ ਕੇ ਜ਼ਮੀਨ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ।

ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਿੰਡ ਘਰਾਚੋਂ ਇਕਾਈ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਬਿੱਕਰ ਸਿੰਘ ਵਿੱਤ ਸਕੱਤਰ ਨੇ ਦੱਸਿਆ ਕਿ ਪਿੰਡ ਦੀ ਦਲਿਤ ਭਾਈਚਾਰੇ ਲਈ ਰਾਖਵੀਂ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਇਸ ਵਾਰ ਪ੍ਰਸ਼ਾਸਨ ਵਲੋਂ ਕਥਿਤ ਤੌਰ 'ਤੇ ਕਿ ਕੋਰੋਨਾ ਮਹਾਮਾਰੀ ਦੀ ਆੜ 'ਚ ਗਲਤ ਢੰਗ ਨਾਲ ਕਰਾਈ ਗਈ ਹੈ ਅਤੇ ਇਹ ਅਸਲ ਹੱਕਦਾਰਾਂ ਨੂੰ ਦੇਣ ਦੀ ਥਾਂ ਆਪਣੇ ਚਹੇਤਿਆਂ ਨੂੰ ਦਿੱਤੀ ਗਈ ਹੈ, ਜਿਸ ਨੂੰ ਅਸੀਂ ਡੰਮੀ ਬੋਲੀ ਕਰਾਰ ਦਿੰਦੇ ਹੋਏ ਇਸ ਬੋਲੀ ਨੂੰ ਰੱਦ ਕਰਵਾਉਣ ਅਤੇ ਦੁਬਾਰਾ ਬੋਲੀ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ 52 ਦਿਨਾਂ ਤੋਂ ਇਥੇ ਸੰਘਰਸ਼ ਕਰ ਰਹੇ ਹਾਂ ਅਤੇ ਇਸ ਸਬੰਧੀ ਅਸੀਂ ਕਈ ਵਾਰ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਅਤੇ ਕੈਬਨਿਟ ਮੰਤਰੀ ਵਲੋਂ ਆਪਸੀ ਮਿਲੀ ਭੁਗਤ ਤਹਿਤ ਇਹ ਜ਼ਮੀਨ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਪਿੰਡ ਦੇ ਕੁਝ ਜਨਰਲ ਵਰਗ ਅਤੇ ਦਲਿਤ ਵਰਗ ਦੇ ਆਪਣੇ ਚਹੇਤਿਆਂ ਨੂੰ ਨਾਲ ਰਲਾ ਕੇ ਦਲਿਤ ਭਾਈਚਾਰੇ 'ਚ ਪਾੜਾ ਪਾ ਕੇ ਇਹ ਡੰਮੀ ਬੋਲੀ ਕਰਵਾਈ ਗਈ ਹੈ ਅਤੇ ਅੱਜ ਪੁਲਸ ਦੀ ਸ਼ਹਿ ਉਪਰ ਕਥਿਤ ਡੰਮੀ ਬੋਲੀ ਦੇਣ ਵਾਲੇ ਵਿਅਕਤੀਆਂ ਵਲੋਂ ਧੱਕੇ ਨਾਲ ਇਸ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਪਿੰਡ ਦੇ ਸਮੂਚੇ ਦਲਿਤ ਭਾਈਚਾਰੇ ਵਲੋਂ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਹ ਮਾਮਲਾ ਅਜੇ ਮਾਨਯੋਗ ਹਾਈਕੋਰਟ 'ਚ ਵੀ ਵਿਚਾਰ ਅਧੀਨ ਹੈ ਅਤੇ ਮਾਨਯੋਗ ਹਾਈਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਅਤੇ ਸੰਘਰਸ਼ ਕਰ ਰਹੇ ਪਿੰਡ ਦੇ ਦਲਿਤ ਭਾਈਚਾਰੇ ਦੀ ਸੁਣਵਾਈ ਕਰੇ ਵਗੈਰ ਹੀ ਪ੍ਰਸ਼ਾਸਨ ਵੱਲੋਂ ਕਥਿਤ ਤੌਰ 'ਤੇ ਧੱਕੇ ਨਾਲ ਜ਼ਮੀਨ ਉਪਰ ਕਬਜਾ ਕਰਵਾਉਣ ਦੀ ਕੋਸ਼ਿਸ਼ ਕਰਨਾ ਖੁਲੇਆਮ ਸਾਰੇ ਕਾਇਦੇ ਕਾਨੂੰਨਾਂ ਨੂੰ ਸਿੱਕੇ ਟੰਗ ਕੇ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਜ਼ਮੀਨ ਦਾ ਕਬਜ਼ਾ ਕਿਸੇ ਵੀ ਹਾਲ 'ਚ ਇਨ੍ਹਾਂ ਕਥਿਤ ਡੰਮੀ ਬੋਲੀ ਦੇਣ ਵਾਲਿਆਂ ਨੂੰ ਨਹੀਂ ਦੇਵਾਂਗਾ ਚਾਹੇ ਇਸ ਲਈ ਸਾਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ ਅਤੇ ਜਥੇਬੰਦੀ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਖਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਰਘਸ਼ ਕਮੇਟੀ ਦੀ ਅਗਵਾਈ ਹੇਠ 24 ਜੁਲਾਈ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਦਲਿਤਾਂ ਵੱਲੋਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਕੇ ਤਿੱਖਾ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਭਾਨ ਸਿੰਘ, ਕੇਵਲ ਸਿੰਘ, ਚਮਕੌਰ ਸਿੰਘ, ਚਰਨਜੀਤ ਕੌਰ, ਪਰਦੀਪ ਸਿੰਘ, ਸੁਖਜੀਤ ਕੌਰ, ਕਰਨੈਲ ਕੌਰ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ।


Shyna

Content Editor

Related News